ਅਸਮ/ਨਾਗਾਓਂ—ਅਸਮ ਦੇ ਨਾਗਾਓਂ ਜ਼ਿਲੇ 'ਚ ਹੜ੍ਹ ਦੀ ਸਥਿਤੀ ਗੰਭੀਰ ਬਣੀ ਹੋਈ ਹੈ, ਜਿਸ ਕਾਰਨ ਕਈ ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਹੋਈ ਹੈ। ਸੂਬੇ ਭਰ 'ਚ ਹੜ੍ਹ ਨੇ ਹੁਣ ਤੱਕ 84 ਲੋਕਾਂ ਦੀ ਜਾਨ ਲੈ ਲਈ ਹੈ। ਸਥਾਨਕ ਨਿਵਾਸੀ ਰੀਟਾ ਸਾਹਨੀ ਅਤੇ ਉਸ ਦੇ ਪਰਿਵਾਰਿਕ ਮੈਂਬਰ ਜੋ ਕਿ ਜਾਖਲਬੰਧਾ ਖੇਤਰ ਦੇ ਵਸਨੀਕ ਹਨ, ਬ੍ਰਹਮਪੁੱਤਰ ਨਦੀ ਦੇ ਹੜ੍ਹ ਦੇ ਪਾਣੀ ਕਾਰਨ ਉਨ੍ਹਾਂ ਦੇ ਘਰ ਵਿਚ ਡੁੱਬਣ ਕਾਰਨ ਪਿਛਲੇ 10 ਦਿਨਾਂ ਤੋਂ ਬੰਨ੍ਹ 'ਤੇ ਇਕ ਛੋਟੇ ਜਿਹੇ ਆਰਜ਼ੀ ਟੈਂਟ ਵਿਚ ਰਹਿ ਰਹੇ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇੱਥੋਂ ਦੇ ਵਸਨੀਕ ਸਾਹਨੀ ਨੇ ਕਿਹਾ, 'ਸਾਡੇ ਘਰ ਦੇ ਅੰਦਰ ਅਜੇ ਵੀ ਹੜ੍ਹ ਦਾ ਪਾਣੀ ਹੈ ਅਤੇ ਅਸੀਂ ਉੱਥੇ ਨਹੀਂ ਜਾ ਸਕਦੇ। ਜਦੋਂ ਹੜ੍ਹ ਦਾ ਪਾਣੀ ਸਾਡੇ ਘਰ ਵਿੱਚ ਦਾਖਲ ਹੋਇਆ ਤਾਂ ਅਸੀਂ ਘਰ ਦਾ ਕੋਈ ਵੀ ਸਾਮਾਨ ਬਾਹਰ ਨਹੀਂ ਕੱਢ ਸਕੇ। ਮੀਂਹ ਅਜੇ ਵੀ ਜਾਰੀ ਹੈ। ਅਸੀਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਾਂ। ਸਾਨੂੰ ਪ੍ਰਸ਼ਾਸਨ ਤੋਂ ਕੁਝ ਖਾਣ-ਪੀਣ ਦੀਆਂ ਵਸਤੂਆਂ ਮਿਲੀਆਂ ਹਨ। ਇਸ ਸਥਿਤੀ ਵਿੱਚ ਅਸੀਂ ਕੁਝ ਕੰਮ ਕਰਨ ਲਈ ਬਾਹਰ ਨਹੀਂ ਜਾ ਸਕਦੇ। ਸਾਨੂੰ ਨਹੀਂ ਪਤਾ ਕਿ ਹੁਣ ਅਸੀਂ ਕੀ ਕਰਾਂਗੇ।
ਰੀਟਾ ਸਾਹਨੀ, ਜੋ ਕਿ ਦਿਹਾੜੀਦਾਰ ਮਜ਼ਦੂਰ ਵਜੋਂ ਕੰਮ ਕਰਦੀ ਹੈ, ਨੇ ਚਿੰਤਾ ਜ਼ਾਹਿਰ ਕੀਤੀ ਕਿਉਂਕਿ ਉਹ ਬਾਰਿਸ਼ ਅਤੇ ਹੜ੍ਹਾਂ ਕਾਰਨ ਕੰਮ ਨਹੀਂ ਕਰ ਪਾ ਰਹੀ ਹੈ। ਉਹ ਕਹਿੰਦੀ ਹੈ ਕਿ 'ਇਸ ਸਥਿਤੀ ਵਿਚ ਅਸੀਂ ਬਾਹਰ ਜਾ ਕੇ ਕੋਈ ਕੰਮ ਨਹੀਂ ਕਰ ਸਕਦੇ। ਸਾਨੂੰ ਨਹੀਂ ਪਤਾ ਕਿ ਅਸੀਂ ਕੀ ਕਰਾਂਗੇ। ਰੀਟਾ ਸਾਹਨੀ ਅਤੇ ਉਸ ਦੇ ਪਰਿਵਾਰ ਨੂੰ ਹੀ ਨਹੀਂ ਸਗੋਂ ਇਲਾਕੇ ਦੇ ਕਈ ਲੋਕਾਂ ਨੂੰ ਵੀ ਇਸੇ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਉਨ੍ਹਾਂ ਦੇ ਘਰ ਹੜ੍ਹ ਦੇ ਪਾਣੀ ਵਿਚ ਡੁੱਬ ਗਏ ਹਨ ਅਤੇ ਉਹ ਬੰਨ੍ਹ 'ਤੇ ਆਰਜ਼ੀ ਤੰਬੂਆਂ ਵਿਚ ਰਹਿਣ ਲਈ ਮਜ਼ਬੂਰ ਹਨ।