ਅਸਾਮ/ਗੁਹਾਟੀ—ਅਸਾਮ 'ਚ ਇਸ ਸਮੇਂ ਹੜ੍ਹ ਕਾਰਨ ਹਾਲਾਤ ਕਾਫੀ ਖਰਾਬ ਹਨ। ਪੂਰੇ ਸੂਬੇ 'ਚ ਹੜ੍ਹ ਦਾ ਕਹਿਰ ਦੇਖਿਆ ਜਾ ਸਕਦਾ ਹੈ। ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਹਰ ਰੋਜ਼ ਵੱਧ ਰਹੀ ਹੈ। ਅਸਾਮ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (ਏਐਸਡੀਐਮਏ) ਨੇ ਕਿਹਾ ਕਿ ਸ਼ੁੱਕਰਵਾਰ ਨੂੰ ਸੱਤ ਹੋਰ ਮੌਤਾਂ ਹੋਈਆਂ, ਜਿਸ ਨਾਲ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ 90 ਹੋ ਗਈ।
ਆਫ਼ਤ ਪ੍ਰਬੰਧਨ ਅਥਾਰਟੀ ਨੇ ਅੱਗੇ ਕਿਹਾ ਕਿ ਅਸਾਮ ਦੇ ਗੋਲਪਾੜਾ ਜ਼ਿਲ੍ਹੇ ਵਿੱਚ ਇੱਕ ਕਿਸ਼ਤੀ ਪਲਟਣ ਨਾਲ ਪੰਜ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਨਾਗਾਓਂ ਅਤੇ ਜੋਰਹਾਟ ਜ਼ਿਲ੍ਹਿਆਂ ਵਿੱਚ ਹੜ੍ਹਾਂ ਵਿੱਚ ਕਈ ਵਿਅਕਤੀ ਡੁੱਬ ਗਏ। ਅਥਾਰਟੀ ਨੇ ਕਿਹਾ ਕਿ ਕੁਝ ਜ਼ਿਲ੍ਹਿਆਂ ਵਿੱਚ ਹੜ੍ਹ ਦੀ ਸਥਿਤੀ ਵਿੱਚ ਸੁਧਾਰ ਹੋਇਆ ਹੈ, ਪਰ 24 ਜ਼ਿਲ੍ਹਿਆਂ ਵਿੱਚ 12 ਲੱਖ ਤੋਂ ਵੱਧ ਲੋਕ ਅਜੇ ਵੀ ਪ੍ਰਭਾਵਿਤ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਆਸਾਮ ਦੇ ਪ੍ਰਭਾਵਿਤ ਖੇਤਰ ਕਛਰ, ਧੂਬਰੀ, ਨਗਾਓਂ, ਕਾਮਰੂਪ, ਡਿਬਰੂਗੜ੍ਹ, ਗੋਲਾਘਾਟ, ਨਲਬਾੜੀ, ਬਾਰਪੇਟਾ, ਧੇਮਾਜੀ, ਸਿਵਸਾਗਰ, ਗੋਲਪਾੜਾ, ਜੋਰਹਾਟ, ਮੋਰੀਗਾਂਵ, ਲਖੀਮਪੁਰ, ਕਰੀਮਗੰਜ, ਦਾਰੰਗ, ਮਾਜੁਲੀ, ਵਿਸ਼ਵਨਾਥ, ਹੇਲਾਕਾਂਡੀ, ਬੋਂਗਾਈਗਾਂਵ ਦੱਖਣੀ ਸਲਮਾਰਾ, ਚਿਰਾਂਗ, ਤਿਨਸੁਕੀਆ, ਕਾਮਰੂਪ (ਐਮ) ਜ਼ਿਲ੍ਹਿਆਂ ਦੀ ਹਾਲਤ ਬਹੁਤ ਖਰਾਬ ਹੈ।
ਇਸ ਹੜ੍ਹ ਨਾਲ ਪਸ਼ੂਆਂ 'ਤੇ ਵੀ ਮਾੜਾ ਅਸਰ ਪਿਆ ਹੈ। ASDMA ਦੀ ਹੜ੍ਹ ਰਿਪੋਰਟ ਵਿੱਚ 6 ਲੱਖ ਤੋਂ ਵੱਧ ਪਸ਼ੂ ਪ੍ਰਭਾਵਿਤ ਹੋਣ ਦੀ ਗੱਲ ਸਾਹਮਣੇ ਆਈ ਹੈ। ਇਸ ਸਬੰਧ ਵਿਚ ਕਾਜ਼ੀਰੰਗਾ ਨੈਸ਼ਨਲ ਪਾਰਕ ਵਿਚ ਹੁਣ ਤੱਕ 10 ਗੈਂਡਿਆਂ ਸਮੇਤ 180 ਜੰਗਲੀ ਜਾਨਵਰਾਂ ਦੀ ਮੌਤ ਹੋ ਚੁੱਕੀ ਹੈ। ਕਾਜ਼ੀਰੰਗਾ ਨੈਸ਼ਨਲ ਪਾਰਕ ਦੀ ਫੀਲਡ ਡਾਇਰੈਕਟਰ ਸੋਨਾਲੀ ਘੋਸ਼ ਨੇ ਦੱਸਿਆ ਕਿ 10 ਗੈਂਡੇ, 150 ਹੌਗ ਡੀਅਰ, 2-2 ਹਿਰਨ ਅਤੇ ਸਾਂਬਰ ਹੜ੍ਹ ਦੇ ਪਾਣੀ ਵਿੱਚ ਡੁੱਬ ਗਏ, ਜਦਕਿ 2 ਹੌਗ ਡੀਅਰ ਵਾਹਨ ਦੀ ਲਪੇਟ ਵਿੱਚ ਆਉਣ ਨਾਲ ਮਰ ਗਏ। 13 ਹੋਰ ਜਾਨਵਰ ਦੇਖਭਾਲ ਦੌਰਾਨ ਮਰ ਗਏ ਅਤੇ ਇੱਕ ਓਟਰ (ਬੱਚਾ) ਹੋਰ ਕਾਰਨਾਂ ਕਰਕੇ ਮਰ ਗਿਆ।