ਨਵੀਂ ਦਿੱਲੀ: ਵਿਧਾਨ ਸਭਾ ਚੋਣਾਂ 'ਚ ਹੋਟ ਸੀਟ ਬਣੀ ਨਵੀਂ ਦਿੱਲੀ ਖੇਤਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਰਵਿੰਦ ਕੇਜਰੀਵਾਲ ਸ਼ਨੀਵਾਰ ਨੂੰ ਜਦੋਂ ਇਲਾਕੇ 'ਚ ਚੋਣ ਪ੍ਰਚਾਰ ਲਈ ਜਾ ਰਹੇ ਸਨ ਤਾਂ ਕੁਝ ਲੋਕਾਂ ਨੇ ਉਨ੍ਹਾਂ ਨੂੰ ਕਾਲੇ ਝੰਡੇ ਦਿਖਾ ਕੇ 'ਹਾਏ-ਹਾਏ ਕੇਜਰੀਵਾਲ' ਦੇ ਨਾਅਰੇ ਵੀ ਲਾਏ। ਇਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਦੀ ਕਾਰ ਚਲਾ ਰਹੇ ਡਰਾਈਵਰ ਨੇ ਰਫਤਾਰ ਵਧਾ ਦਿੱਤੀ, ਜਿਸ 'ਚ 2 ਲੋਕ ਜ਼ਖਮੀ ਹੋ ਗਏ। ਹੁਣ ਇਸ ਮਾਮਲੇ 'ਤੇ ਭਾਜਪਾ ਅਤੇ ਆਮ ਆਦਮੀ ਪਾਰਟੀ ਆਹਮੋ-ਸਾਹਮਣੇ ਆ ਗਈਆਂ ਹਨ। ਹਾਲਾਂਕਿ ਦਿੱਲੀ ਪੁਲਿਸ ਨੇ ਪਥਰਾਅ ਦੀ ਘਟਨਾ ਤੋਂ ਇਨਕਾਰ ਕੀਤਾ ਹੈ।
‘ਕੇਜਰੀਵਾਲ ਉੱਤੇ ਕਰਵਾਇਆ ਹਮਲਾ’
ਭਾਜਪਾ ਉਮੀਦਵਾਰ ਅਤੇ ਸਾਬਕਾ ਸੰਸਦ ਮੈਂਬਰ ਪ੍ਰਵੇਸ਼ ਵਰਮਾ ਨੇ ਕਿਹਾ ਕਿ ਕੇਜਰੀਵਾਲ ਨੇ ਆਪਣੀ ਕਾਰ ਨਾਲ ਜਿਹੜੇ ਲੋਕਾਂ ਨੂੰ ਟੱਕਰ ਮਾਰੀ ਹੈ ਉਹ ਆਮ ਲੋਕ ਸਨ। ਉਨ੍ਹਾਂ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਗਈ ਹੈ। ਜਦਕਿ ਆਮ ਆਦਮੀ ਪਾਰਟੀ ਨੇ ਭਾਜਪਾ 'ਤੇ ਹਮਲਾ ਬੋਲਦਿਆਂ ਕਿਹਾ ਕਿ ਭਾਜਪਾ ਹਾਰ ਦੇ ਡਰੋਂ ਘਬਰਾ ਗਈ ਹੈ। ਉਨ੍ਹਾਂ ਦੇ ਗੁੰਡਿਆਂ ਨੇ ਅਰਵਿੰਦ ਕੇਜਰੀਵਾਲ 'ਤੇ ਪੱਥਰ ਸੁੱਟੇ, ਪਾਰਟੀ ਨੇ ਭਾਜਪਾ ਉਮੀਦਵਾਰ ਪਰਵੇਸ਼ ਵਰਮਾ 'ਤੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਦੇ ਗੁੰਡਿਆਂ ਨੇ ਚੋਣ ਪ੍ਰਚਾਰ ਦੌਰਾਨ ਅਰਵਿੰਦ ਕੇਜਰੀਵਾਲ 'ਤੇ ਇੱਟਾਂ-ਪੱਥਰਾਂ ਨਾਲ ਹਮਲਾ ਕਰਵਾਕੇ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ, ਤਾਂ ਜੋ ਉਹ ਪ੍ਰਚਾਰ ਨਾ ਕਰ ਸਕਣ।