ਨਵੀਂ ਦਿੱਲੀ:ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੇ ਕਿਹਾ ਹੈ ਕਿ ਭਾਰਤ ਇਕ 'ਮਹੱਤਵਪੂਰਨ' ਖੇਤਰੀ ਅਤੇ ਆਰਥਿਕ ਸ਼ਕਤੀ ਹੈ। ਤਾਲਿਬਾਨ ਦੀ ਇਹ ਟਿੱਪਣੀ 8 ਜਨਵਰੀ ਬੁੱਧਵਾਰ ਨੂੰ ਦੁਬਈ 'ਚ ਵਿਦੇਸ਼ ਸਕੱਤਰ ਵਿਕਰਮ ਮਿਸਰੀ ਅਤੇ ਅਫਗਾਨਿਸਤਾਨ ਦੇ ਕਾਰਜਕਾਰੀ ਵਿਦੇਸ਼ ਮੰਤਰੀ ਅਮੀਰ ਖਾਨ ਮੁਤਕੀ ਵਿਚਾਲੇ ਹੋਈ ਗੱਲਬਾਤ ਤੋਂ ਬਾਅਦ ਆਈ ਹੈ। ਅਗਸਤ 2021 ਵਿੱਚ ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਸੱਤਾ ਸੰਭਾਲਣ ਤੋਂ ਬਾਅਦ ਦੋਵਾਂ ਦੇਸ਼ਾਂ ਦਰਮਿਆਨ ਹੋਈ ਪਹਿਲੀ ਜਨਤਕ ਉੱਚ-ਪੱਧਰੀ ਮੀਟਿੰਗ ਵਿੱਚ ਮਿਸਰੀ ਅਤੇ ਮੁਤਾਕੀ ਨੇ ਕਈ ਮੁੱਦਿਆਂ ਬਾਰੇ ਗੱਲ ਕੀਤੀ।
ਅਫਗਾਨਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਮੁਤਾਕੀ ਨੇ 'ਮਨੁੱਖੀ ਸਹਾਇਤਾ ਲਈ ਭਾਰਤ ਦਾ ਧੰਨਵਾਦ ਪ੍ਰਗਟਾਇਆ ਅਤੇ ਕਿਹਾ ਕਿ ਸਾਡੀ ਸੰਤੁਲਿਤ ਅਤੇ ਆਰਥਿਕਤਾ ਕੇਂਦਰਿਤ ਵਿਦੇਸ਼ ਨੀਤੀ ਦੇ ਹਿੱਸੇ ਵਜੋਂ, ਅਸੀਂ ਭਾਰਤ ਨਾਲ ਸਿਆਸੀ ਅਤੇ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨਾ ਚਾਹੁੰਦੇ ਹਾਂ।'
ਭਾਰਤ ਤੋਂ ਅਫਗਾਨਿਸਤਾਨ ਨੂੰ ਨਹੀਂ ਕੋਈ ਖ਼ਤਰਾ
ਮੰਤਰਾਲੇ ਨੇ ਕਿਹਾ, "ਵਿਦੇਸ਼ ਮੰਤਰੀ ਨੇ ਭਾਰਤੀ ਪੱਖ ਨੂੰ ਭਰੋਸਾ ਦਿਵਾਇਆ ਕਿ ਅਫਗਾਨਿਸਤਾਨ ਤੋਂ ਉਸ ਨੂੰ ਕੋਈ ਖਤਰਾ ਨਹੀਂ ਹੈ। ਉਨ੍ਹਾਂ ਨੇ ਇਹ ਵੀ ਉਮੀਦ ਜਤਾਈ ਕਿ ਭਾਰਤ ਕੂਟਨੀਤਕ ਸਬੰਧਾਂ ਨੂੰ ਉਤਸ਼ਾਹਿਤ ਕਰਨ ਲਈ ਆਪਣੇ ਕਾਰੋਬਾਰੀਆਂ, ਮਰੀਜ਼ਾਂ ਅਤੇ ਵਿਦਿਆਰਥੀਆਂ ਨੂੰ ਵੀਜ਼ਾ ਸਹੂਲਤਾਂ ਪ੍ਰਦਾਨ ਕਰੇਗਾ।"
ਬਿਆਨ ਵਿੱਚ ਕਿਹਾ ਗਿਆ ਹੈ ਕਿ ਅਫਗਾਨਿਸਤਾਨ ਦੇ ਵਣਜ ਅਤੇ ਟਰਾਂਸਪੋਰਟ ਮੰਤਰਾਲਿਆਂ ਦੇ ਨੁਮਾਇੰਦਿਆਂ ਨੇ ਵੀ ਮੀਟਿੰਗ ਵਿੱਚ ਹਿੱਸਾ ਲਿਆ ਅਤੇ ਦੋਵਾਂ ਦੇਸ਼ਾਂ ਦਰਮਿਆਨ ਰਾਜਨੀਤਿਕ, ਆਰਥਿਕ ਅਤੇ ਲੋਕਾਂ ਨਾਲ ਲੋਕਾਂ ਦੇ ਸਬੰਧਾਂ ਨੂੰ ਹੁਲਾਰਾ ਦੇਣ ਦੇ ਉਪਾਵਾਂ 'ਤੇ ਵਿਆਪਕ ਚਰਚਾ ਕੀਤੀ ਗਈ।