ਜੰਮੂ-ਕਸ਼ਮੀਰ/ਬਡਗਾਮ: ਜੰਮੂ-ਕਸ਼ਮੀਰ ਵਿੱਚ ਸ਼ੁੱਕਰਵਾਰ ਨੂੰ ਇੱਕ ਵੱਡਾ ਹਾਦਸਾ ਵਾਪਰ ਗਿਆ। ਖਬਰਾਂ ਮੁਤਾਬਿਕ ਮੱਧ ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ਦੇ ਬਰੇਲ ਵਾਟਰਹਾਲ ਇਲਾਕੇ ਵਿੱਚ ਚੋਣ ਡਿਊਟੀ ’ਤੇ ਜਾ ਰਹੀ ਬੱਸ ਪਹਾੜੀ ਸੜਕ ਤੋਂ ਫਿਸਲ ਕੇ ਖਾਈ ਵਿੱਚ ਡਿੱਗਣ ਕਾਰਨ ਸੀਮਾ ਸੁਰੱਖਿਆ ਬਲ (ਬੀਐਸਐਫ) ਦੇ 4 ਜਵਾਨ ਸ਼ਹੀਦ ਹੋ ਗਏ ਅਤੇ 36 ਹੋਰ ਜ਼ਖ਼ਮੀ ਹੋ ਗਏ। ਛੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਰਿਪੋਰਟ ਮੁਤਾਬਿਕ ਐਸਡੀਆਰਐਫ ਬਡਗਾਮ ਅਤੇ ਹੋਰ ਏਜੰਸੀਆਂ ਦਾ ਸਾਂਝਾ ਬਚਾਅ ਅਭਿਆਨ ਚੱਲ ਰਿਹਾ ਹੈ। ਹੁਣ ਤੱਕ 4 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ ਅਤੇ 36 ਜ਼ਖਮੀ ਬੀਐਸਐਫ ਜਵਾਨਾਂ ਨੂੰ ਬਚਾਇਆ ਗਿਆ ਹੈ। ਜ਼ਖਮੀਆਂ ਨੂੰ ਇਲਾਜ ਲਈ ਜ਼ਿਲਾ ਹਸਪਤਾਲ ਬਡਗਾਮ 'ਚ ਭਰਤੀ ਕਰਵਾਇਆ ਗਿਆ ਹੈ।
ਬਡਗਾਮ ਵਿੱਚ ਬੀਐਸਐਫ ਦੀ ਬੱਸ ਦਾ ਹਾਦਸਾ (ANI) ਫਿਲਹਾਲ ਬਚਾਅ ਕਾਰਜ ਜਾਰੀ ਹੈ ਅਤੇ ਜ਼ਖਮੀਆਂ ਨੂੰ ਤੁਰੰਤ ਇਲਾਜ ਮੁਹੱਈਆ ਕਰਵਾਉਣ ਲਈ ਮੈਡੀਕਲ ਟੀਮਾਂ ਨੂੰ ਹਾਦਸੇ ਵਾਲੀ ਥਾਂ 'ਤੇ ਭੇਜਿਆ ਗਿਆ ਹੈ। ਅਧਿਕਾਰੀ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ। ਸ਼ੁਰੂਆਤੀ ਜਾਣਕਾਰੀ ਮੁਤਾਬਕ ਘਟਨਾ ਵਾਲੀ ਥਾਂ 'ਤੇ ਸਥਾਨਕ ਲੋਕ ਮੌਜੂਦ ਹਨ। ਇਸ ਹਾਦਸੇ ਵਿੱਚ ਬੀਐਸਐਫ ਦੇ 35 ਜਵਾਨਾਂ ਤੋਂ ਇਲਾਵਾ ਬੱਸ ਡਰਾਈਵਰ ਵੀ ਜ਼ਖ਼ਮੀ ਹੋ ਗਿਆ। ਡਰਾਈਵਰ ਆਮ ਨਾਗਰਿਕ ਦੱਸਿਆ ਜਾਂਦਾ ਹੈ।
ਅਧਿਕਾਰੀ ਅੱਗੇ ਜਾਂਚ ਕਰ ਰਹੇ ਹਨ। ਅਧਿਕਾਰੀ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਬੱਸ ਖਾਈ ਵਿੱਚ ਕਿਵੇਂ ਡਿੱਗੀ। ਕੀ ਬੱਸ ਤੇਜ਼ ਰਫ਼ਤਾਰ ਨਾਲ ਜਾ ਰਹੀ ਸੀ? ਕੀ ਬੱਸ ਡਰਾਈਵਰ ਨੇ ਆਪਣਾ ਸੰਤੁਲਨ ਗੁਆ ਦਿੱਤਾ ਅਤੇ ਬੱਸ ਟੋਏ ਵਿੱਚ ਡਿੱਗ ਗਈ? ਅਧਿਕਾਰੀ ਇਨ੍ਹਾਂ ਸਾਰੇ ਪਹਿਲੂਆਂ ਤੋਂ ਜਾਂਚ ਕਰ ਰਹੇ ਹਨ।