ਸਰਪੰਚ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ, ਸਰਕਾਰ ਨੂੰ ਦਿੱਤੀ ਚਿਤਾਵਨੀ
ਸ੍ਰੀ ਫਤਿਹਗੜ੍ਹ ਸਾਹਿਬ ਵਿਚ ਸਰਪੰਚ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਪੰਜਾਬ ਪ੍ਰਧਾਨ ਗੁਰਮੀਤ ਸਿੰਘ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿਚ ਸਰਪੰਚਾਂ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਸਰਪੰਚਾਂ ਦੀਆਂ ਮੰਗਾਂ ਨੂੰ ਲੈ ਕੇ ਇਕ ਵਿਸ਼ੇਸ਼ ਰਣਨੀਤੀ ਤਿਆਰ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦੇ ਹੋਏ ਸੂਬਾ ਪ੍ਰਧਾਨ ਗੁਰਮੀਤ ਸਿੰਘ ਨੇ ਦੱਸਿਆ ਕਿ ਸਰਕਾਰ ਪਾਰਟੀਬਾਜੀ ਕਾਰਨ ਸਰਪੰਚਾਂ 'ਤੇ ਦਬਾਅ ਪਾਕੇ ਮੁੜ 2022 ਤੱਕ ਹੋ ਚੁੱਕੇ ਆਡਿਟ ਨੂੰ ਦੁਬਾਰਾ ਕਰਵਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਪੰਚਾਂ ਨੂੰ 25 ਹਜਾਰ ਭੱਤਾ ਦੇਣ ਦਾ ਐਲਾਨ ਕੀਤਾ ਗਿਆ ਸੀ ਪਰ ਉਹ ਲਾਗੂ ਨਹੀਂ ਹੋਇਆ ਤੇ ਹੁਣ ਆਪ ਵਲੋਂ ਹਿਮਾਚਲ ਦੇ ਸਰਪੰਚਾਂ ਨੂੰ 10 ਹਜਾਰ ਭੱਤਾ ਦੇਣ ਦੀ ਗਾਰੰਟੀ ਦਿੱਤੀ ਜਾ ਰਹੀ ਹੈ। ਇਸ ਲਈ ਪੰਜਾਬ ਦੇ ਸਰਪੰਚਾਂ ਵਲੋਂ ਅਪੀਲ ਕੀਤੀ ਜਾਦੀ ਹੈ ਕਿ ਪਹਿਲਾਂ ਪੰਜਾਬ ਦੇ ਸਰਪੰਚਾਂ ਨਾਲ ਕੀਤਾ ਵਾਅਦਾ ਪੂਰਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪਿੰਡਾਂ ਦੀਆਂ ਗ੍ਰਾਂਟਾਂ ਉੱਤੇ ਰੋਕ ਲਗਾਈ ਗਈ, ਉਸ ਰੋਕ ਨੂੰ ਵੀ ਹਟਾਇਆ ਜਾਵੇ। ਉਨ੍ਹਾਂ ਚਿਤਾਵਨੀ ਦਿੰਦੇ ਕਿਹਾ ਕਿ 21 ਸਤੰਬਰ ਨੂੰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਸਰਪੰਚਾਂ ਵਲੋ ਇਕੱਠੇ ਹੋ ਕੇ ਇਕ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਦੇ ਨਾਮ ਡਿਪਟੀ ਕਮਿਸ਼ਨਰਾਂ ਨੂੰ ਸੌਂਪਣਗੇ।