ਤਰਨ ਤਾਰਨ: ਪੰਜਾਬ ਵਿੱਚ ਨਸ਼ਾ ਸਰਾਪ ਬਣਿਆ ਹੋਇਆ ਹੈ। ਲੋਕਾਂ ਦੇ ਘਰ ਉਜੜ ਰਹੇ ਹਨ, ਇਸ ਦੀ ਤਾਜ਼ਾ ਮਿਸਾਲ ਹਲਕਾ ਖਡੂਰ ਸਾਹਿਬ ਦੇ ਪਿੰਡ ਧੁੰਨ ਢਾਏ ਵਾਲਾ ਤੋਂ ਸਾਹਮਣੇ ਆਈ ਹੈ। ਜਿਥੇ ਕਿਸਾਨ ਪਰਿਵਾਰ ਨਾਲ ਸਬੰਧ ਰਖਣ ਵਾਲੇ ਦੋ ਸਕੇ ਭਰਾਵਾਂ ਦੀ ਇੱਕ ਦਿਨ ਦੇ ਵਕਫੇ ਵਿੱਚ ਨਸ਼ੇ ਕਰਕੇ ਮੌਤ ਹੋ ਗਈ।
ਅੰਗਰੇਜ਼ ਸਿੰਘ ਨਾਂ ਦੇ ਨੌਜਵਾਨ ਦੀ ਬੀਤੇ ਵੀਰਵਾਰ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋਈ ਸੀ। ਅੰਗਰੇਜ਼ ਸਿੰਘ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਸ਼ਨੀਵਾਰ ਨੂੰ ਪਾਏ ਜਾਣੇ ਸਨ ਕਿ ਛੋਟੇ ਭਰਾ ਗੁਰਮੇਲ ਸਿੰਘ ਨੇ ਵੀ ਨਸ਼ੇ ਦੀ ਓਵਰਡੋਜ਼ ਕਾਰਨ ਆਪਣੀ ਜਾਨ ਗਵਾ ਲਈ।
ਥਾਣਾ ਚੋਹਲਾ ਸਾਹਿਬ ਅਧੀਨ ਆਉਂਦੇ ਪਿੰਡ ਧੁੰਨ ਢਾਏ ਵਾਲਾ ਦੇ ਕਿਸਾਨ ਮੁਖਤਿਆਰ ਸਿੰਘ ਦੇ ਦੋ ਪੁੱਤਰ ਸਨ। ਅੰਗਰੇਜ਼ ਸਿੰਘ (23) ਅਤੇ ਗੁਰਮੇਲ ਸਿੰਘ (21) ਜੋ ਗੁਜਰਾਤ ਦੇ ਮੁੰਦਰਾ ਸ਼ਹਿਰ ਵਿੱਚ ਕੰਮ ਕਰਦੇ ਸਨ। ਦੋਵੇਂ ਪੁੱਤਰ ਮਾੜੀ ਸੰਗਤ ਦਾ ਸ਼ਿਕਾਰ ਹੋ ਕੇ ਨਸ਼ੇ ਦੇ ਆਦੀ ਹੋ ਗਏ।
ਮੁਖਤਿਆਰ ਸਿੰਘ ਦੀ ਪਤਨੀ ਦੀ ਤਬੀਅਤ ਅਚਾਨਕ ਵਿਗੜ ਗਈ। ਜਿਸ ਕਾਰਨ ਉਸ ਨੂੰ ਸਟੰਟ ਪਾਇਆ ਗਿਆ ਸੀ। ਗੁਜਰਾਤ ਵਿੱਚ ਇੱਕ ਨਿੱਜੀ ਕੰਪਨੀ ਵਿੱਚ ਕੰਮ ਕਰਦੇ ਮੁਖਤਿਆਰ ਸਿੰਘ ਦੇ ਵੱਡੇ ਪੁੱਤਰ ਅੰਗਰੇਜ਼ ਸਿੰਘ (23) ਦੀ ਵੀਰਵਾਰ ਨੂੰ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ।

ਪਰਿਵਾਰ ਨੇ ਬਿਨਾਂ ਕੋਈ ਪੁਲਿਸ ਕਾਰਵਾਈ ਕੀਤੇ ਅੰਗਰੇਜ਼ ਸਿੰਘ ਦਾ ਸਸਕਾਰ ਕਰਵਾ ਦਿੱਤਾ। ਅੰਗਰੇਜ਼ ਸਿੰਘ ਦੀ ਆਤਮਿਕ ਸ਼ਾਂਤੀ ਲਈ ਗ੍ਰਹਿ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ, ਜਿਸ ਦਾ ਭੋਗ ਸ਼ਨੀਵਾਰ ਪੈਣਾ ਸੀ ਕਿ ਸ਼ੁੱਕਰਵਾਰ ਦੁਪਹਿਰ ਨੂੰ ਚੋਹਲਾ ਸਾਹਿਬ ਵਿਖੇ ਅੰਗਰੇਜ਼ ਸਿੰਘ ਦੇ ਛੋਟੇ ਭਰਾ ਗੁਰਮੇਲ ਸਿੰਘ (21) ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ।
ਗੁਰਮੇਲ ਸਿੰਘ ਦਾ ਵਿਆਹ ਦਸ ਮਹੀਨੇ ਪਹਿਲਾਂ ਹੋਇਆ ਸੀ। ਸ਼ੁੱਕਰਵਾਰ ਨੂੰ ਪਰਿਵਾਰ ਨੇ ਇਹ ਕਹਿੰਦੇ ਹੋਏ ਕਾਨੂੰਨੀ ਕਾਰਵਾਈ ਤੋਂ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਦਾ ਘਰ ਨਸ਼ੇ ਨਾਲ ਤਬਾਹ ਹੋ ਗਿਆ ਹੈ, ਹੁਣ ਕਾਨੂੰਨੀ ਕਾਰਵਾਈ ਦਾ ਕੋਈ ਫਾਇਦਾ ਨਹੀਂ ਹੈ।

ਇਹ ਵੀ ਪੜ੍ਹੋ: ਪੰਜਾਬ ਵਿੱਚ ਆਉਣ ਲੱਗੇ ਜ਼ੀਰੋ ਬਿੱਲ, ਲੋਕ ਹੋਏ ਖੁਸ਼