ਤਰਨ ਤਾਰਨ: ਦਿਹਾਤੀ ਮਜ਼ਦੂਰ ਸਭਾ ਵੱਲੋਂ ਪੁਲਿਸ ਵਧੀਕੀਆਂ ਖਿਲਾਫ਼ ਐਸਐਚਓ ਭਿੱਖੀਵਿੰਡ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਇਸ ਧਰਨੇ ਦੀ ਅਗਵਾਈ ਦਿਹਾਤੀ ਮਜ਼ਦੂਰ ਸਭਾ ਦੇ ਤਹਿਸੀਲ ਪ੍ਰਧਾਨ ਹਰਜਿੰਦਰ ਸਿੰਘ ਚੂੰਘ, ਜਸਵੰਤ ਸਿੰਘ ਭਿੱਖੀਵਿੰਡ ਤੇ ਸਤੌਖ ਸਿੰਘ ਮੱਖੀ ਕਲਾਂ ਨੇ ਕੀਤੀ। ਇਸ ਦਰਨੇ ਦੌਰਾਨ ਵੱਡੀ ਗਿਣਤੀ ਵਿੱਚ ਮਜਦੂਰ ਔਰਤਾਂ ਤੇ ਮਰਦਾਂ ਨੇ ਭਾਗ ਲਿਆ। ਇਸ ਵਿਸ਼ਾਲ ਧਰਨੇ ਨੂੰ ਦਿਹਾਤੀ ਮਜ਼ਦੂਰ ਸਭਾ ਦੇ ਜਿਲ੍ਹਾ ਜਨਰਲ ਸਕੱਤਰ ਚਮਨ ਲਾਲ ਦਰਾਜਕੇ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਦਿਆਲਪੁਰਾ ਨੇ ਸੰਬੋਧਨ ਕੀਤਾ।
ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਪਿੰਡ ਸਾਂਧਰਾ ਦੇ ਖੇਤ ਮਜ਼ਦੂਰ ਭਗਵੰਤ ਸਿੰਘ ਤੇ ਕੁਲਬੀਰ ਸਿੰਘ ਦੇ ਘਰ ਵਿੱਚ ਦਾਖ਼ਲ ਹੋ ਕੇ ਪਿੰਡ ਦੇ ਹੀ ਸਿਆਸੀ ਸ਼ਹਿ ਪ੍ਰਾਪਤ ਲੋਕਾਂ ਵੱਲੋਂ ਜਾਨਲੇਵਾ ਹਮਲਾ ਕਰ ਦਿੱਤਾ। ਇਸ ਦੌਰਾਨ ਭਗਵੰਤ ਸਿੰਘ ਦੇ ਪਰਿਵਾਰ ਦੀ ਕੁੱਟਮਾਰ ਵੀ ਕੀਤੀ ਗਈ ਅਤੇ ਘਰ ਦਾ ਸਾਰਾ ਸਮਾਨ ਤੋੜ ਦਿੱਤਾ ਗਿਆ। ਇਸ ਦੌਰਾਨ ਜਾਦੇ ਹੋਏ ਸਾਰੇ ਦੋਸ਼ੀ ਘਰ ਦਾ ਸਾਰਾ ਸਮਾਨ ਨਾਲ ਲੈ ਗਏ। ਐਸਐਚਓ ਭਿੱਖੀਵਿੰਡ ਨੇ ਦੋਸ਼ੀਆਂ ਦੀ ਪਿੱਠ ਥਾਪਦਿਆਂ ਪੀੜਤ ਪਰਿਵਾਰਾਂ ਉਪਰ ਹੀ 326 ਦਾ ਝੂਠਾ ਪਰਚਾ ਦਰਜ ਕਰ ਦਿੱਤਾ।
ਆਗੂਆਂ ਨੇ ਐਸਐਸਪੀ ਤਰਨ ਤਾਰਨ ਤੋਂ ਮੰਗ ਕਰਦਿਆਂ ਕਿਹਾ ਕਿ ਪੀੜਤ ਪਰਿਵਾਰ ਉਪਰ ਕੀਤਾ ਗਿਆ ਝੂਠਾ ਪਰਚਾ ਰੱਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਦੇ ਘਰ ਉਪਰ ਹਮਲਾ ਕਰਨ ਵਾਲੇ ਦੋਸ਼ੀਆਂ ਖਿਲਾਫ਼ ਪਰਚਾ ਦਰਜ ਕੀਤਾ ਜਾਵੇ ਅਤੇ ਐਸਐਚਓ ਭਿੱਖੀਵਿੰਡ ਅਤੇ ਕਿਰਪਾਲ ਸਿੰਘ ਸਿਪਾਹੀ ਨੂੰ ਸਸਪੈਂਡ ਕੀਤਾ ਜਾਵੇ। ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਉਂਦਿਆਂ ਡੀਐਸਪੀ ਰਾਜਬੀਰ ਸਿੰਘ ਨੇ ਕਿਹਾ ਕਿ 5 ਦਿਨ ਅੰਦਰ ਬਰੀਕੀ ਨਾਲ ਜਾਂਚ ਕਰਕੇ ਪਰਚਾ ਰੱਦ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਦੇ ਘਰ ਉਪਰ ਹਮਲਾ ਕਰਨ ਵਾਲਿਆਂ ਖਿਲਾਫ਼ ਮਾਮਲਾ ਦਰਜ ਕੀਤਾ ਜਾਵੇਗਾ।