ਤਰਨਤਾਰਨ: ਪੰਜਾਬ 'ਚ ਲੁਟੇਰਿਆਂ ਅਤੇ ਚੋਰਾਂ ਨੇ ਆਤੰਕ ਮਚਾਇਆ ਹੋਇਆ ਹੈ। ਇਸੇ ਕਾਰਨ ਸੂਬੇ ਦੀ ਕਾਨੂੰਨ ਵਿਵਸਥਾ 'ਤੇ ਸਵਾਲ ਖੜ੍ਹੇ ਹੋ ਰਹੇ ਹਨ ਕਿ ਇੰਨ੍ਹਾਂ ਲੋੋਕਾਂ ਨੂੰ ਕਾਨੂੰਨ ਦਾ ਰਤਾ ਵੀ ਖੌਫ਼ ਨਹੀਂ ਹੈ। ਹੁਣ ਲੁਟੇਰਿਆਂ ਨੇ ਪਿੰਡ ਜੀਓਬਾਲਾ ਵਿਖੇ ਮੌਜੂਦ ਰੈਡੀਮੇਡ ਕੱਪੜਿਆਂ ਦੀ ਰਾਜੂ ਕਲੈਕਸ਼ਨ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ।
ਪਿਸਤੌਲ ਦੀ ਨੌਕ 'ਤੇ ਲੁੱਟੀ ਦੁਕਾਨ: ਕਾਬਲੇਜ਼ਿਕਰ ਹੈ ਕਿ ਦਿਨ-ਦਿਹਾੜੇ ਲੁਟੇਰਿਆਂ ਨੇ ਪਿਸਤੌਲ ਦੀ ਨੋਕ 'ਤੇ ਦੁਕਾਨ 'ਚ ਵੜ ਕੇ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ। ਲੁਟੇਰਿਆਂ ਨੇ ਪਹਿਲਾਂ ਆਪਣੀ ਪਸੰਦ ਦੇ ਕੱਪੜੇ ਖਰੀਦੇ ਅਤੇ ਜਦੋਂ ਦੁਕਾਨ ਵਾਲਿਆਂ ਨੇ ਕੱਪੜਿਆਂ ਦੇ 16000 ਰੁਪਏ ਮੰਗੇ ਤਾਂ ਇੱਕ ਵਿਅਕਤੀ ਨੇ ਪਿਸਤੌਲ ਦੀ ਨੌਕ 'ਤੇ ਜਿੱਥੇ ਕੱਪੜੇ ਲੁੱਟੇ , ਉੱਥੇ ਹੀ ਮੋਬਾਇਲ ਫੋਨ ਖੋਹ ਕੇ ਫਰਾਰ ਹੋ ਗਏ।
ਦੁਕਾਨ ਮਾਲਕ ਦਾ ਬਿਆਨ: ਇਸ ਘਟਨਾ 'ਤੇ ਦੁਕਾਨ ਮਾਲਕ ਆਖਿਆ ਕਿ ਉਹ ਬੁੱਧਵਾਰ ਦੁਪਹਿਰ ਕਰੀਬ ਤਿੰਨ ਵਜੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਗਿਆ ਸੀ ਜੋ ਦੁਕਾਨ ਅੰਦਰ ਗੱਲੇ ਨੂੰ ਤਾਲਾ ਲਗਾ ਕੇ ਆਪਣੇ ਦੁਕਨ ਕਰਮਚਾਰੀਆਂ ਨੂੰ ਦੁਕਾਨ ਅੰਦਰ ਛੱਡ ਗਿਆ ਸੀ। ਉਸ ਦੇ ਪਿੱਛੋਂ 4 ਨੌਜਵਾਨ ਮੋਟਰ ਸਾਈਕਲ 'ਤੇ ਆਉਂਦੇ ਹਨ ਅਤੇ ਵਾਰਦਾਤ ਨੂੰ ਅੰਜ਼ਾਮ ਦੇ ਕੇ ਫਰਾਰ ਹੋ ਜਾਂਦੇ ਹਨ। ਲੁੱਟ ਦੀ ਇਹ ਸਾਰੀ ਘਟਨਾ ਸੀਸੀਟੀਵੀ 'ਚ ਕੈਦ ਹੋ ਗਈ ਹੈ।
ਲੁਟੇਰਿਆਂ ਦੀ ਭਾਲ ਸ਼ੁਰੂ: ਦੁਕਾਨ ਮਾਲਕ ਤਰਸੇਮ ਸਿੰਘ ਵੱਲੋਂ ਥਾਣਾ ਸਦਰ ਤਰਨਤਾਰਨ ਵਿਖੇ ਹੋਈ ਲੁੱਟ ਸਬੰਧੀ ਸੂਚਨਾ ਦਿੱਤੀ ਗਈ। ਥਾਣਾ ਸਦਰ ਤਰਨਤਾਰਨ ਦੇ ਮੁਖੀ ਇੰਸਪੈਕਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਸੀ.ਸੀ.ਟੀ.ਵੀ ਕੈਮਰਿਆਂ ਦੀ ਮਦਦ ਲੈਂਦੇ ਹੋਏ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ, ਜਿਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।