ਤਰਨ ਤਾਰਨ: ਭਾਰਤੀ ਜਨਤਾ ਪਾਰਟੀ ਵੱਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਅਧੀਨ ਪੈਂਦੇ 9 ਹਲਕਿਆਂ ਦੇ ਅਹੁਦੇਦਾਰਾਂ ਦੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਤਰਨ ਤਾਰਨ ਵਿਖੇ ਮੀਟਿੰਗ ਹੋਈ, ਇਸ ਮੀਟਿੰਗ ਨੇ ਵੇਖਦਿਆਂ-ਵੇਖਦਿਆਂ ਰੈਲੀ ਦਾ ਰੂਪ ਧਾਰ ਲਿਆ। ਇਸ ਮੀਟਿੰਗ ਵਿੱਚ ਪਹੁੰਚੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਭਾਜਪਾ ਅਹੁਦੇਦਾਰਾਂ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਡਟ ਜਾਣ ਦਾ ਸੱਦਾ ਦਿੰਦਿਆਂ ਕਿਹਾ ਕਿ ਅੱਜ ਭਾਜਪਾ ਦੇ ਅਹੁਦੇਦਾਰਾਂ ਦੀ ਮਿਹਨਤ ਸਦਕਾ ਹਰ ਪਿੰਡ ਵਿਚ ਭਾਰਤੀ ਜਨਤਾ ਪਾਰਟੀ ਨਾਲ ਲੋਕ ਜੁੜ ਚੁੱਕੇ ਹਨ।
ਪਿੰਡ-ਪਿੰਡ ਪਹੁੰਚੇਗੀ ਭਾਜਪਾ ਦੀ ਆਵਾਜ਼: ਜਾਖੜ ਨੇ ਅੱਗੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਭਾਈਵਾਲ ਰਹੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਵੱਲੋਂ ਭਾਰਤੀ ਜਨਤਾ ਪਾਰਟੀ ਨੂੰ ਸਿਰਫ ਸ਼ਹਿਰਾਂ ਤੱਕ ਹੀ ਸੀਮਿਤ ਰੱਖਿਆ, ਜਦਕਿ ਪਿੰਡਾਂ ਵਿੱਚ ਵੀ ਭਾਰਤੀ ਜਨਤਾ ਪਾਰਟੀ ਦਾ ਆਪਣਾ ਵਧੀਆ ਅਧਾਰ ਹੁੰਦਾ ਸੀ। ਕੇਂਦਰ ਸਰਕਾਰ ਵੱਲੋਂ ਹੋਰਨਾਂ ਸੂਬਿਆਂ ਦੇ ਨਾਲ-ਨਾਲ ਪੰਜਾਬ ਦੇ ਲੋਕਾਂ ਨੂੰ ਵੀ ਮੁਫ਼ਤ ਸਹੂਲਤਾਂ ਦੇ ਗੱਫੇ ਦਿੱਤੇ ਗਏ, ਪਰ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਕੇਂਦਰ ਸਰਕਾਰ ਵੱਲੋਂ ਆਈਆਂ ਗ੍ਰਾਂਟਾਂ ਅਤੇ ਸਹੂਲਤਾਂ ਨੂੰ ਉਨ੍ਹਾਂ ਤੱਕ ਸਹੀ ਢੰਗ ਨਾਲ ਨਹੀਂ ਪਹੁੰਚਣ ਦਿੱਤਾ। ਜਿਹੜੇ ਸੂਬਿਆਂ ਵਿੱਚ ਭਾਜਪਾ ਦੀਆਂ ਸਰਕਾਰਾਂ ਹਨ, ਉੱਥੋਂ ਦੇ ਲੋਕ ਕੇਂਦਰ ਦੀਆਂ ਸਾਰੀਆਂ ਸਹੂਲਤਾਂ ਦਾ ਆਨੰਦ ਮਾਣ ਰਹੇ ਹਨ।
ਸਾਰੀਆਂ ਸੀਟਾਂ 'ਤੇ ਲੜਾਂਗੇ ਚੋਣ: ਜਾਖੜ ਨੇ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਪੰਜਾਬ ਦੀਆਂ ਸਾਰੀਆਂ 13 ਸੀਟਾਂ 'ਤੇ ਚੋਣ ਲੜੇਗੀ ਅਤੇ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ। ਇਸ ਤੋਂ ਇਲਾਵਾ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਲਈ ਵੀ ਸਾਰੀਆਂ 117 ਸੀਟਾਂ 'ਤੇ ਚੋਣ ਲੜਨ ਦੀਆਂ ਤਿਆਰੀਆਂ ਸ਼ੁਰੂ ਕਰ ਲਈਆਂ ਗਈਆਂ ਹਨ। ਉਨ੍ਹਾਂ ਨੇ ਭਾਜਪਾ ਅਹੁਦੇਦਾਰਾਂ ਨੂੰ ਕਿਹਾ ਕਿ ਉਹ ਪਿੰਡਾਂ ਵਿੱਚ ਡਟ ਜਾਣ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਮੀਟਿੰਗ ਵਿੱਚ ਪਹੁੰਚੇ ਅਹੁਦੇਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜ਼ਿਲ੍ਹਾ ਤਰਨ ਤਾਰਨ ਵਿੱਚ ਪਿੰਡ ਪੱਧਰ 'ਤੇ ਭਾਜਪਾ ਦੇ ਯੂਨਿਟ ਕਾਇਮ ਕੀਤੇ ਜਾਣਗੇ ਅਤੇ ਇਸ ਕੰਮ ਲਈ ਨੌਜਵਾਨਾਂ ਦੇ ਨਾਲ-ਨਾਲ ਹਰ ਵਰਗ ਦੇ ਉਮਰ ਦੇ ਵਿਅਕਤੀਆਂ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ, ਤਾਂ ਜੋ ਪਾਰਟੀ ਪੂਰੀ ਤਰ੍ਹਾਂ ਮਜ਼ਬੂਤ ਹੋਵੇ।
- ਨਸ਼ੇ ਦਾ ਵਿਰੋਧ ਕਰਨ 'ਤੇ ਨਸ਼ੇੜੀਆਂ ਨੇ ਕੀਤਾ ਨੌਜਵਾਨ ਦਾ ਕਤਲ, ਮੁਲਜ਼ਮ ਕਾਬੂ
- ਜ਼ਿਲ੍ਹਾ ਸੰਗਰੂਰ ਦੇ ਨੌਜਵਾਨ ਨੇ ਲਗਾਇਆ ਅਨੌਖਾ ਜੁਗਾੜ, ਬੰਬੂਕਾਟ ਵਰਗੀ ਸਾਈਕਲ ਕੀਤੀ ਤਿਆਰ
- ਸਫ਼ਾਈ ਸੇਵਕਾਂ ਦੀ ਹੜਤਾਲ, ਗੰਦਗੀ ਦੇ ਢੇਰ 'ਚ ਬਦਲਿਆ ਬਰਨਾਲਾ ਸ਼ਹਿਰ, ਪ੍ਰਦਰਸ਼ਨਕਾਰੀਆਂ ਨੇ ਰੱਖੀ ਵੱਡੀ ਮੰਗ
ਜਾਖੜ ਦਾ ਕਾਂਗਰਸ 'ਤੇ ਵਾਰ: ਇਸ ਮੌਕੇ ਪੰਜਾਬ ਭਾਜਪਾ ਪ੍ਰਧਾਨ ਨੇ ਕਿਹਾ ਕਿ ਵਿਰੋਧੀ ਧਿਰ ਕਾਂਗਰਸ ਨੇ ਆਮ ਆਦਮੀ ਪਾਰਟੀ ਨਾਲ ਸਮਝੌਤਾ ਕਰਕੇ ਗੋਡੇ ਟੇਕ ਦਿੱਤੇ ਨੇ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਨੇ ਭਾਵੇਂ ਆਪਣੇ ਨਿੱਜੀ ਹਿੱਤਾਂ ਲਈ ਵਿਜੀਲੈਂਸ ਦੀ ਕਾਰਵਾਈ ਤੋਂ ਡਰਦਿਆਂ ਗੋਡੇ ਟੇਕੇ ਹੋਣ ਪਰ ਪੰਜਾਬੀਆਂ ਨੇ ਗੋਡੇ ਨਹੀਂ ਟੇਕੇ। ਇਸ ਸਮੇਂ ਪੂਰਾ ਪੰਜਾਬ ਭਾਜਪਾ ਵੱਲ ਉਮੀਦ ਦੀਆਂ ਨਜ਼ਰਾਂ ਨਾਲ ਵੇਖ ਰਿਹਾ ਹੈ।