ਤਰਨ ਤਾਰਨ: ਚੋਣਾਂ ਦੌਰਾਨ ਅਕਸਰ ਸੱਤਾ ਤੇ ਕਾਬਜ਼ ਸਰਕਾਰਾਂ ਵੱਲੋਂ ਜਿੱਥੇ ਆਮ ਵਰਗ ਨੂੰ ਲੈ ਕੇ ਵੱਡੇ-ਵੱਡੇ ਐਲਾਨ ਕੀਤੇ ਜਾਂਦੇ ਹਨ। ਉੱਥੇ ਹੀ ਗ਼ਰੀਬੀ ਰੇਖਾ ਤੋਂ ਹੇਠਾਂ ਜੀਵਨ ਬਸਰ ਕਰਨ ਵਾਲਿਆਂ ਨੂੰ ਲੈ ਕੇ ਵੀ ਸਰਕਾਰ ਵੱਡੇ-ਵੱਡੇ ਗੱਫੇ ਦੇਣ ਦੀਆਂ ਦੁਹਾਈਆਂ ਦਿੰਦੀ ਹੈ ਪਰ ਜਦੋਂ ਵੋਟਾਂ ਪੈ ਜਾਂਦੀਆਂ ਹਨ ਤਾਂ ਸਰਕਾਰ ਦੇ ਆਗੂ ਆਪਣੇ ਵਾਅਦੇ ਨੂੰ ਭੁਲਾ ਦਿੰਦੇ ਹਨ।
ਇਸੇ ਤਰ੍ਹਾਂ ਦਾ ਹੀ ਇੱਕ ਮਾਮਲਾ ਹੈ ਜ਼ਿਲਾ ਤਰਨ ਤਾਰਨ ਦੇ ਕਸਬਾ ਘਰਿਆਲਾ ਦਾ ਜਿੱਥੇ ਅਪਾਹਿਜ ਪਤੀ ਪਤਨੀ ਨੇ ਆਪਣੇ ਭਰੇ ਮਨ ਨਾਲ ਦੱਸਿਆ ਕਿ ਇੱਕ ਤਾਂ ਉਨ੍ਹਾਂ ਨੂੰ ਅਪਾਹਿਜ ਪੁਣੇ ਨੇ ਮਰਿਆ ਹੈ ਉੱਤੋਂ ਘਰ ਵਿੱਚ ਏਨੀ ਜ਼ਿਆਦਾ ਗ਼ਰੀਬੀ ਹੈ ਕਿ ਉਹ 2 ਵਕਤ ਦੀ ਰੋਟੀ ਕਮਾਉਣੀ ਵੀ ਬਹੁਤ ਮੁਸ਼ਕਿਲ ਹੈ।
ਘਰ ਦੇ ਮੁਖੀ ਸਰਵਣ ਸਿੰਘ ਨੇ ਦੱਸਿਆ ਕਿ ਉਹ ਜੁੱਤੀਆਂ ਗੰਢਣ ਦਾ ਕੰਮ ਕਰਦਾ ਹੈ ਅਤੇ ਜੁੱਤੀਆਂ ਗੰਢ ਕੇ 2 ਵਕਤ ਦੀ ਰੋਟੀ ਕਮਾ ਲੈਂਦਾ ਸੀ ਪਰ ਲਾਕਡਾਊਨ ਲੱਗਣ ਤੋਂ ਬਾਅਦ ਰੇਲਵੇ ਸਟੇਸ਼ਨ 'ਤੇ ਗੱਡੀਆਂ ਬੰਦ ਹੋ ਗਈਆਂ, ਜਿਸ ਕਾਰਨ ਲੋਕਾਂ ਦਾ ਇੱਥੇ ਆਉਣਾ ਜਾਣਾ ਬੰਦ ਹੋ ਗਿਆ ਅਤੇ ਉਸ ਦਾ ਕੰਮ ਵੀ ਬੰਦ ਹੋ ਗਿਆ।
ਘਰ ਵਿੱਚ ਇੰਨੀ ਜ਼ਿਆਦਾ ਗ਼ਰੀਬੀ ਆ ਗਈ ਹੈ ਜਿਸ ਕਾਰਨ ਉਸ ਨੂੰ ਆਪਣੇ ਛੋਟੇ-ਛੋਟੇ ਦੋਵੇਂ ਬੱਚੇ ਆਪਣੇ ਸਹੁਰੇ ਪਰਿਵਾਰ ਕੋਲ ਢਿੱਡ ਭਰਨ ਲਈ ਛੱਡਣੇ ਪੈ ਗਏ। ਕਈ ਦਿਨਾਂ ਤੋਂ ਉਹ ਹੁਣ ਉੱਥੇ ਹੀ ਰਹਿ ਰਹੇ ਹਨ ਉਸ ਨੇ ਭਰੇ ਮਨ ਨਾਲ ਦੱਸਿਆ ਕਿ ਉਹ ਆਪਣੇ ਬੱਚਿਆਂ ਨੂੰ ਇੱਥੇ ਇਸ ਕਰਕੇ ਨਹੀਂ ਲੈ ਕੇ ਆਉਂਦਾ ਕਿਉਂਕਿ ਉਸ ਦੇ ਘਰ ਵਿਚ ਖਾਣ ਨੂੰ ਰੋਟੀ ਤੱਕ ਨਹੀਂ ਹੈ।
ਸਰਵਣ ਸਿੰਘ ਨੇ ਦੱਸਿਆ ਕਿ ਉਸ ਨੇ ਰੈੱਡ ਕਰਾਸ ਜ਼ਰੀਏ ਅਤੇ ਕਈ ਹੋਰ ਸੰਸਥਾਵਾਂ ਨੂੰ ਮੰਗ ਵੀ ਕੀਤੀ ਕਿ ਉਸ ਨੂੰ 1 ਟਰਾਈ ਸਾਈਕਲ ਲੈ ਕੇ ਦੇ ਦਿੱਤਾ ਜਾਵੇ ਪਰ ਉਸ ਦੀ ਕਿਸੇ ਨੇ ਵੀ ਨਹੀਂ ਸੁਣੀ। ਜਿਸ ਕਰਕੇ ਉਹ ਥੱਕ-ਹਾਰ ਕੇ ਆਪਣੇ ਘਰੇ ਬੈਠ ਗਿਆ ਅਤੇ ਰੱਬ ਦੀ ਪਾਈ ਹੋਈ ਇਸ ਗ਼ਰੀਬੀ ਦੀ ਕਰੋਪੀ ਦਾ ਸ਼ਿਕਾਰ ਹੋਣ ਲੱਗਾ ਹੈ।
ਪੀੜਤ ਵਿਅਕਤੀ ਦੀ ਪਤਨੀ ਮਨਦੀਪ ਕੌਰ ਨੇ ਦੱਸਿਆ ਕਿ ਉਹ ਚੱਲਣ ਜੋਗ ਨਹੀਂ ਹੈ ਅਤੇ ਰੇਂਗ ਕੇ ਹੀ ਆਪਣੇ ਘਰ ਦਾ ਕੰਮਕਾਰ ਕਰਦੀ ਹੈ ਪਰ ਘਰ ਵਿੱਚ ਇੰਨੀ ਜ਼ਿਆਦਾ ਗ਼ਰੀਬੀ ਹੈ ਕਿ ਉਨ੍ਹਾਂ ਨੂੰ ਲੋਕਾਂ ਦੇ ਘਰਾਂ ਵਿੱਚੋਂ ਰੋਟੀ ਮੰਗ ਕੇ ਲਿਆ ਕੇ ਆਪਣਾ ਗੁਜ਼ਾਰਾ ਕਰਨਾ ਪੈਂਦਾ ਹੈ। ਉਸ ਨੇ ਦੱਸਿਆ ਕਿ ਉਹ ਆਪਣੇ ਦਿਲ 'ਤੇ ਪੱਥਰ ਰੱਖ ਕੇ ਆਪਣੇ ਛੋਟੇ ਬੱਚਿਆਂ ਨੂੰ ਆਪਣੇ ਤੋਂ ਦੂਰ ਰੱਖ ਰਹੀ ਹੈ ਕਿਉਂਕਿ ਘਰ ਦੇ ਹਾਲਾਤ ਇੰਨੇ ਜ਼ਿਆਦਾ ਮਾੜੇ ਹੋ ਚੁੱਕੇ ਸਨ ਕਿ ਉਹ ਕਈ ਕਈ ਦਿਨ ਭੁੱਖੇ ਰਹਿ ਕੇ ਹੀ ਗੁਜ਼ਾਰਾ ਕਰਦੇ ਹਨ।
ਪੀੜਤ ਪਰਿਵਾਰ ਨੇ ਸਮਾਜ ਸੇਵੀਆਂ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਕੋਈ ਸਹਾਇਤਾ ਜ਼ਰੂਰ ਕੀਤੀ ਜਾਵੇ ਜਿਸ ਨਾਲ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਚੱਲ ਸਕੇ।
ਅਸੀਂ ਵੀ ਆਪਣੇ ਚੈਨਲ ਦੇ ਜ਼ਰੀਏ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਇਸ ਅਪਾਹਿਜ ਪਰਿਵਾਰ ਦੀ ਕੁਝ ਹੈਲਪ ਕੀਤੀ ਜਾਵੇ ਜੇ ਕੋਈ ਵਿਅਕਤੀ ਇਸ ਪਰਿਵਾਰ ਨਾਲ ਸੰਪਰਕ ਕਰਨਾ ਚਾਹੀਦਾ ਹੈ ਤਾਂ ਇਸ ਦਾ ਮੋਬਾਇਲ ਨੰਬਰ ਹੈ- 9914579575- 8283869829 ।
ਇਹ ਵੀ ਪੜ੍ਹੋ: ਮੀਂਹ ਨੇ ਕੀਤਾ ਘਰੋਂ ਬੇਘਰ ਮਦਦ ਦੀ ਉਡੀਕ 'ਚ ਗਰੀਬ ਪਰਿਵਾਰ