ਤਰਨਤਾਰਨ: ਪਿਛਲੇ 5 ਮਹੀਨਿਆਂ ਤੋਂ ਤਨਖ਼ਾਹ ਨਾ ਮਿਲਣ ਦੇ ਰੋਸ ਵੱਜੋਂ ਅੱਜ ਆਂਗਣਵਾੜੀ ਵਰਕਰਾਂ ਵੱਲੋਂ ਨੌਸ਼ਹਿਰਾ ਪੰਨੂੰਆਂ ਦੇ ਸੀਡੀਪੀਓ ਦਫ਼ਤਰ ਬਾਹਰ ਲਗਤਾਰ ਤੀਜੇ ਦਿਨ ਸਰਕਾਰ ਖਿਲਾਫ਼ ਧਰਨਾ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਪਹੁੰਚੀਆਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਵੱਲੋਂ ਪਿਛਲੇ ਮਹੀਨਿਆਂ ਤੋਂ ਤਨਖ਼ਾਹ ਨਾ ਮਿਲਣ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਿੱਖਿਆ ਮੰਤਰੀ ਸਮੇਤ ਅਧਿਕਾਰੀਆਂ ਖਿਲਾਫ਼ ਪ੍ਰਦਰਸ਼ਨ ਕਰਕੇ ਸਰਕਾਰ ਦਾ ਪਿੱਟ ਸਿਆਪਾ ਵੀ ਕੀਤਾ ਗਿਆ।
ਆਂਗਣਵਾੜੀ ਵਰਕਰ ਯੂਨੀਅਨ ਦੀ ਆਗੂ ਬੇਅੰਤ ਕੌਰ ਨੇ ਦੱਸਿਆ ਕਿ ਨੌਸ਼ਹਿਰਾ ਪੰਨੂੰਆਂ ਬਲਾਕ ਵਿੱਚ ਪਿਛਲੇ 5 ਮਹੀਨਿਆਂ ਤੋਂ ਸੀਡੀਪੀਓ ਦੀ ਕੁਰਸੀ ਉੱਤੇ ਕਿਸੇ ਅਫ਼ਸਰ ਦੀ ਨਿਯੁਕਤੀ ਨਾ ਹੋਣ ਕਰ ਕੇ ਉਨ੍ਹਾਂ ਨੂੰ ਤਨਖ਼ਾਹ ਨਹੀਂ ਮਿਲ ਰਹੀ। ਉਨ੍ਹਾਂ ਕਿਹਾ ਸਰਕਾਰ ਘਰ ਘਰ ਰੋਜ਼ਗਾਰ ਦੇਣ ਦੇ ਵਾਅਦੇ ਨਾਲ ਸੱਤਾ ਵਿੱਚ ਆਈ ਪਰ ਸਰਕਾਰ ਸਾਡੀਆਂ ਤਨਖ਼ਾਹਾਂ ਨਾ ਦੇ ਕੇ ਸਾਡਾ ਰੁਜ਼ਗਾਰ ਖੋਹਣ ਉੱਤੇ ਤੁਲੀ ਹੋਈ ਹੈ।
ਉਨ੍ਹਾਂ ਦੱਸਿਆ ਕਿ ਕਈ ਅਜਿਹੀਆਂ ਔਰਤਾਂ ਕੰਮ ਵੀ ਆਂਗਣਵਾੜੀ ਵਿੱਚ ਕੰਮ ਕਰਦੀਆਂ ਹਨ ਜੋ ਵਿਧਵਾ ਹਨ ਤੇ ਉਨ੍ਹਾਂ ਦਾ ਗੁਜ਼ਾਰਾ ਇਸ ਤਨਖ਼ਾਹ ਨਾਲ ਹੀ ਚੱਲਦਾ ਹੈ। ਪਰ 5 ਮਹੀਨਿਆਂ ਤੋਂ ਤਨਖ਼ਾਹਾਂ ਨਾ ਮਿਲਣ ਕਾਰਨ ਉਨ੍ਹਾਂ ਦਾ ਗੁਜ਼ਾਰਾ ਔਖਾ ਹੋਇਆ ਪਿਆ ਹੈ। ਤੇ ਉਨ੍ਹਾਂ ਕੋਲ ਧਰਨੇ ਵਿੱਚ ਆਉਣ ਲਈ ਵੀ ਕਿਰਾਇਆ ਨਹੀਂ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਸਾਡੀਆਂ ਵੋਟਾਂ ਨਾਲ ਬਣੀ ਹੈ ਜੇਕਰ ਸਾਡੀਆਂ ਮੁਸ਼ਕਿਲਾਂ ਹੱਲ ਨਹੀਂ ਕਰਨੀਆਂ ਤਾਂ ਅੱਗੇ ਤੋਂ ਅਸੀਂ ਆਪਣੇ ਉਮੀਦਵਾਰ ਖੜੇ ਕਰ ਉਨ੍ਹਾਂ ਨੂੰ ਜਿਤਾਵਾਂਗੇ ਜੋ ਸਾਡੀ ਗੱਲ ਸੁਣਨ। ਇਸ ਮੌਕੇ ਸੀਡੀਪੀਓ ਦਫ਼ਤਰ ਦੇ ਅਧਿਕਾਰੀ ਨਾਲ ਗੱਲ ਕਰਨੀ ਚਾਹੀ ਤਾਂ ਦਫ਼ਤਰ ਵਿੱਚ ਕੋਈ ਵੀ ਅਧਿਕਾਰੀ ਮੌਜੂਦ ਨਹੀਂ ਸੀ ਕੁਰਸੀ ਖਾਲੀ ਅਤੇ ਅਧਿਕਾਰੀ ਗੈਰ ਹਾਜ਼ਰ ਸਨ।