ਤਰਨ ਤਾਰਨ: ਪਨਬਸ ਅਤੇ ਪੀ.ਆਰ.ਟੀ. ਸੀ. ਦੇ ਬਲੈਕ ਲਿਸਟ ਕੀਤੇ ਗਏ ਕਾਮਿਆਂ ਨੇ ਆਪਣੀ ਬਹਾਲੀ ਲਈ ਟਰਾਂਸਪੋਰਟ ਮੰਤਰੀ ਦੇ ਜੱਦੀ ਸ਼ਹਿਰ ਪੱਟੀ ਵਿਖੇ ਲਾਹੌਰ ਚੌਂਕ 'ਚ ਧਰਨਾ ਲਗਾ ਕੇ ਪੰਜਾਬ ਸਰਕਾਰ ਅਤੇ ਮੰਤਰੀ ਲਾਲਜੀਤ ਸਿੰਘ ਭੁੱਲਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਉਪਰੰਤ ਜਾਣਕਾਰੀ ਦਿੰਦੇ ਹੋਏ ਪ੍ਰਦਰਸ਼ਨ ਕਰ ਰਹੇ ਵਿਅਕਤੀ ਸੁਖਰਾਜ ਸਿੰਘ ਨੇ ਦੱਸਿਆ ਕਿ 2016 ਵਿੱਚ ਉਨ੍ਹਾਂ ਉਪਰ ਨਾਜਾਇਜ਼ ਤਰੀਕੇ ਨਾਲ ਨੌਕਰੀ ਤੋਂ ਬਾਹਰ ਕਰ ਦਿੱਤਾ ਗਿਆ ਸੀ ਅਤੇ ਉਦੋਂ ਤੋਂ ਲੈ ਕੇ ਹੀ ਉਹ ਹੁਣ ਤੱਕ ਪ੍ਰਦਰਸ਼ਨ ਕਰਦੇ ਆ ਰਹੇ ਹਨ ਪਰ ਉਹ ਜਦੋਂ ਵੀ ਕਿਸੇ ਉੱਚ ਅਫ਼ਸਰ ਨੂੰ ਮਿਲਦੇ ਹਨ ਤਾਂ ਉਨ੍ਹਾਂ ਨੂੰ ਲਾਅਰੇ ਹੀ ਮਿਲੇ ਹਨ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬੜੀ ਆਸ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿਚ ਆਉਂਦੇ ਉਨ੍ਹਾਂ ਦੀਆਂ ਮੰਗਾਂ ਨੂੰ ਮੰਨਦੇ ਹੋਏ ਉਨ੍ਹਾਂ ਨੂੰ ਬਹਾਲ ਕਰੇਗੀ ਪਰ ਇਹ ਸਰਕਾਰ ਵੀ ਪਿਛਲੀਆਂ ਸਰਕਾਰਾਂ ਦੇ ਰਾਹ ’ਤੇ ਤੁਰ ਪਈ ਹੈ ਜਿਸ ਕਰਕੇ ਉਨ੍ਹਾਂ ਨੂੰ ਮਜ਼ਬੂਰ ਹੋ ਕੇ ਪੱਟੀ ਸ਼ਹਿਰ ਵਿਖੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਨੀ ਪਈ ਹੈ।
ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਅਤੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਇਹ ਕਹਿ ਰਹੇ ਹਨ ਕਿ ਪੀ ਆਰ ਟੀ ਸੀ ਦੀਆਂ ਬੱਸਾਂ ਡਿਪੂਆਂ ਵਿੱਚ ਡਰਾਈਵਰਾਂ ਕੰਡਕਟਰਾਂ ਤੋਂ ਬਿਨਾਂ ਖਲੋਤੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਇਹ ਸਰਕਾਰ ਸਾਨੂੰ ਦੁਬਾਰਾ ਤੋਂ ਨੌਕਰੀ ’ਤੇ ਬਹਾਲ ਕਰੇ ਅਤੇ ਇਹ ਖੜ੍ਹੀਆਂ ਬੱਸਾਂ ਨੂੰ ਉਹ ਚਲਾਉਣ ਤਾਂ ਜੋ ਸਰਕਾਰ ਨੂੰ ਹੋਰ ਵੀ ਆਮਦਨ ਹੋਵੇ ਪਰ ਇਹ ਸਰਕਾਰ ਅੱਖਾਂ ਮੀਟ ਕੇ ਬੈਠੀ ਹੋਈ ਹੈ।
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜੇ ਸਾਡੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਪ੍ਰਦਰਸ਼ਨ ਹੋਰ ਤੇਜ਼ ਕਰਦੇ ਹੋਏ ਵੱਡੇ ਪੱਧਰ ’ਤੇ ਚੌਕ ਜਾਮ ਕੀਤੇ ਜਾਣਗੇ। ਓਧਰ ਮੌਕੇ ’ਤੇ ਪਹੁੰਚੇ ਤਹਿਸੀਲਦਾਰ ਪੱਟੀ ਕਰਨਪਾਲ ਸਿੰਘ ਨੇ ਪ੍ਰਦਰਸ਼ਨਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਉਹ ਸਰਕਾਰ ਤੱਕ ਪਹੁੰਚਾਉਣਗੇ ਅਤੇ ਇੰਨ੍ਹਾਂ ਦਾ ਜਲਦੀ ਹੱਲ ਕੀਤਾ ਜਾਵੇਗਾ। ਭਰੋਸਾ ਮਿਲਣ ਤੋਂ ਬਾਅਦ ਧਰਨਕਾਰੀਆਂ ਨੇ ਧਰਨਾ ਖਤਮ ਕੀਤਾ।
ਇਹ ਵੀ ਪੜ੍ਹੋ: ਡੀਏਪੀ ਖਾਦ 'ਚ ਕੀਤੇ ਵਾਧੇ ਕਾਰਨ ਕਿਸਾਨਾਂ ਨੇ ਕੇਂਦਰ ਖਿਲਾਫ਼ ਖੋਲ੍ਹਿਆ ਮੋਰਚਾ