ਤਰਨਤਾਰਨ: ਤਰਨਤਾਰਨ ਅਧੀਨ ਪੈਂਦੇ ਪਿੰਡ ਜਵੰਦਾ ਕਲਾਂ (Village Jawanda Kalan) ਦੇ ਗ਼ਰੀਬ ਪਰਿਵਾਰ ਦੀ ਹਾਲਤ ਕਾਫੀ ਤਰਸਯੋਗ ਹੈ। ਪਰਿਵਾਰ ਦੀ ਦੋ ਵਕਤ ਦੀ ਰੋਟੀ ਤੋਂ ਵੀ ਆਤਰ ਹੋ ਗਿਆ ਹੈ। ਇਹ ਪਰਿਵਾਰ ਹੁਣ ਲੋਕਾਂ ਦੇ ਘਰਾਂ ਵਿੱਚ ਦੋ ਵਕਤ ਦੀ ਰੋਟੀ ਲਈ ਦਰ ਦਰ ਦੀਆਂ ਠੋਕਰਾਂ ਖਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇਸ ਪੀੜਤ ਪਰਿਵਾਰ ਦੀ ਮੁਖੀਆ ਵਿਧਵਾ ਔਰਤ ਕੁਲਵਿੰਦਰ ਕੌਰ ਨੇ ਆਪਣੀ ਹੱਡ ਬੀਤੀ ਰੋਂਦੇ ਹੋਏ ਦੱਸੀ
ਉਨ੍ਹਾਂ ਦੱਸਦਿਆਂ ਕਿਹਾ ਕਿ ਉਸ ਦਾ ਪਤੀ ਮਿਹਨਤ ਮਜ਼ਦੂਰੀ ਕਰਦਾ ਸੀ ਅਤੇ ਮਿਹਨਤ ਮਜ਼ਦੂਰੀ ਕਰਦੇ ਹੋਏ ਉਸ ਦੀ ਰੀੜ੍ਹ ਦੀ ਹੱਡੀ ਤੇ ਸੱਟ ਲੱਗ ਗਈ ਅਤੇ ਉਹ ਮੰਜੇ ਤੇ ਪੈ ਗਿਆ। ਘਰ ਵਿੱਚ ਗ਼ਰੀਬੀ ਹੋਣ ਕਾਰਨ ਉਸ ਦਾ ਇਲਾਜ ਨਹੀਂ ਹੋ ਸਕਿਆ। ਜਿਸ ਕਰਕੇ ਉਸ ਦੀ ਇਲਾਜ ਦੁੱਖੋਂ ਕੇ ਮੌਤ ਹੋ ਗਈ। ਪੀੜਤ ਔਰਤ ਕੁਲਵਿੰਦਰ ਕੌਰ ਨੇ ਦੱਸਿਆ ਕਿ ਉਸ ਦੀਆਂ ਜਵਾਨ ਚਾਰ ਧੀਆਂ ਹਨ। ਇਨ੍ਹਾਂ ਜਵਾਨ ਧੀਆਂ ਦਾ ਢਿੱਡ ਭਰਨ ਲਈ ਉਹ ਲੋਕਾਂ ਦੇ ਘਰਾਂ ਵਿਚ ਸਾਫ ਸਫਾਈ ਦਾ ਕੰਮ ਕਰ ਕੇ ਕੁਝ ਪੈਸੇ ਇਕੱਠੇ ਕਰ ਕੇ ਘਰ ਵਿੱਚ ਰੋਟੀ ਪਕਾਉਣ ਲਈ ਆਟਾ ਲੈ ਆਉਂਦੀ ਹੈ।
ਜਦੋਂ ਉਹ ਆਟਾ ਖ਼ਤਮ ਹੋ ਜਾਂਦਾ ਹੈ ਤਾਂ ਉਹ ਫਿਰ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹੋ ਜਾਂਦੀ ਹੈ। ਪੀੜਤ ਕੁਲਵਿੰਦਰ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਦੀ ਮੌਤ ਤੋਂ ਬਾਅਦ ਉਸ ਦੇ ਘਰ ਦਾ ਤਖ਼ਤਾ ਹੀ ਪਲਟ ਗਿਆ ਅਤੇ ਉਸ ਦਾ ਸਾਰਾ ਪਰਿਵਾਰ ਹੁਣ ਦੋ ਵਕਤ ਦੀ ਰੋਟੀ ਲਈ ਹੀ ਤੜਫ ਰਿਹਾ ਹੈ।
ਕੁਲਵਿੰਦਰ ਕੌਰ ਨੇ ਕਿਹਾ ਕਿ ਉਸ ਦੀਆਂ 4 ਜਵਾਨ ਧੀਆਂ ਹਨ ਜੋ ਕਿ ਪੜ੍ਹ ਲਿਖ ਸਕਦੀਆਂ ਸਨ ਪਰ ਘਰ ਦੀ ਗ਼ਰੀਬੀ ਨੇ ਅਜਿਹਾ ਮਾਰਿਆ ਕਿ ਉਹ ਸਕੂਲ ਜਾਣ ਤੋਂ ਵੀ ਅਸਮਰੱਥ ਹਨ ਘਰ ਵਿੱਚ ਹੀ ਪੜ੍ਹ ਕੇ ਆਪਣਾ ਟਾਈਮ ਪਾਸ ਕਰ ਲੈਂਦੀਆਂ ਹਨ। ਘਰ ਵਿੱਚ ਪਾਣੀ ਵਾਲੀ ਮੋਟਰ ਵੀ ਲੱਗੀ ਹੋਈ ਹੈ ਜੋ ਉਹ ਵੀ ਸੜ ਚੁੱਕੀ ਹੈ ਪੈਸੇ ਨਾ ਹੋਣ ਕਾਰਨ ਉਹ ਉਸ ਨੂੰ ਠੀਕ ਨਹੀਂ ਕਰਵਾ ਸਕੇ। ਲੋਕਾਂ ਦੇ ਘਰਾਂ ਵਿੱਚੋਂ ਪਾਣੀ ਲਿਆ ਕੇ ਉਹ ਆਪਣਾ ਗੁਜ਼ਾਰਾ ਕਰ ਰਹੇ ਹਨ। ਪੀੜਤ ਔਰਤ ਨੇ ਦੱਸਿਆ ਕਿ ਘਰ ਵਿੱਚ ਲੱਗਾ ਬਿਜਲੀ ਵਾਲਾ ਮੀਟਰ ਸੜਿਆ ਹੋਇਆ ਹੈ ਅਤੇ ਬਿਜਲੀ ਘਰ ਦੂਰ ਹੋਣ ਕਰਕੇ ਉਸ ਕੋਲ ਕਿਰਾਏ ਜੋਗੇ ਪੈਸੇ ਤੱਕ ਨਹੀਂ ਹਨ।
ਕੁਲਵਿੰਦਰ ਕੌਰ ਅਤੇ ਉਸ ਦੀ ਧੀ ਰਾਜਬੀਰ ਕੌਰ ਅਤੇ ਪੂਨਮ ਕੌਰ ਨੇ ਸਮਾਜ ਸੇਵੀਆਂ ਤੋਂ ਗੁਹਾਰ ਲਾਈ ਹੈ ਕਿ ਉਨ੍ਹਾਂ ਦੀ ਸਹਾਇਤਾ ਕੀਤੀ ਜਾਵੇ। ਜਿਸ ਨਾਲ ਉਹ ਆਪਣੇ ਘਰ ਵਿੱਚ ਦੋ ਵਕਤ ਦੀ ਰੋਟੀ ਪਕਾ ਕੇ ਚੱਜ ਤਰੀਕੇ ਨਾਲ ਖਾ ਸਕਣ। ਉਨ੍ਹਾਂ ਨੂੰ ਹੋਰ ਕੁਝ ਨਹੀਂ ਚਾਹੀਦਾ ਜੇ ਕੋਈ ਦਾਨੀ ਸੱਜਣ ਜਾਂ ਸਮਾਜ ਸੇਵੀ ਇਸ ਪੀੜਤ ਪਰਿਵਾਰ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਇਸ 9878763625 ਨੰਬਰ ਉੱਤੇ ਪਰਿਵਾਰ ਨਾਲ ਸੰਪਰਕ ਕਰ ਸਕਦਾ ਹੈ।
ਇਹ ਵੀ ਪੜ੍ਹੋ:- ਜੋ ਸਿੱਖਾਂ ਦੇ ਹਿੱਤਾਂ ਦੀ ਗੱਲ ਕਰੇਗਾ, ਉਹ ਹਕੂਮਤਾਂ ਦੇ ਨਿਸ਼ਾਨੇ 'ਤੇ ਰਹੇਗਾ: ਅੰਮ੍ਰਿਤਪਾਲ ਸਿੰਘ