ਤਰਨ ਤਾਰਨ: ਪਿੰਡ ਵਰਾਣਾ ਵਿੱਚ ਪਾਵਰਕੌਮ ਦੀ ਮਨਜ਼ੂਰੀ ਤੋਂ ਬਾਅਦ ਸੜਕ ਦੇ ਵਿਚਕਾਰ ਲੱਗੇ ਬਿਜਲੀ ਦੇ ਖੰਭੇ ਨੂੰ ਹਟਾਉਣ ਲਈ ਆਏ ਇੱਕ ਹੋਰ ਪਰਿਵਾਰ ’ਤੇ ਹਮਲਾ ਕਰ ਦਿੱਤਾ ਗਿਆ। ਹਮਲੇ ਵਿੱਚ ਤਲਵਾਰਾਂ ਅਤੇ ਗੋਲੀਆਂ ਚਲਾਈਆਂ ਗਈਆਂ ਹਨ। ਇਸ ਦੌਰਾਨ ਦੋ ਲੋਕ ਜ਼ਖ਼ਮੀ ਹੋਏ ਹਨ। ਪੁਲਿਸ ਥਾਣਾ ਸਰਹਾਲੀ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਿੰਡ ਵਰਾਣਾ ਵਾਸੀ ਰਣਜੋਤ ਸਿੰਘ ਨੇ ਦੱਸਿਆ ਕਿ ਉਸ ਦੇ ਘਰ ਦੇ ਕੋਲੋਂ ਲੰਘਦੀ ਸੜਕ ਦੇ ਵਿਚਕਾਰ ਬਿਜਲੀ ਦਾ ਖੰਭਾ ਲੱਗਾ ਹੋਇਆ ਸੀ। ਇਸ ਖੰਭੇ ਨੂੰ ਹਟਾਉਣ ਲਈ ਪਾਵਰਕੌਮ ਨੂੰ ਦਰਖਾਸਤ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਪਾਵਰਕੌਮ ਨੇ ਖੰਭਾ ਹਟਾਉਣ ਦੀ ਮਨਜ਼ੂਰੀ ਦੇ ਦਿੱਤੀ ਸੀ।
ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਨੂੰ ਰਣਜੋਤ ਸਿੰਘ ਦਾ ਪਰਿਵਾਰ ਟਰੈਕਟਰ 'ਤੇ ਖੰਭੇ ਨੂੰ ਪੁੱਟਣ ਲਈ ਜਾ ਰਿਹਾ ਸੀ ਕਿ ਰਸਤੇ 'ਚ ਇੱਕ ਪਰਿਵਾਰ ਨੇ ਉਸ ਨੂੰ ਰੋਕ ਲਿਆ ਅਤੇ ਗਾਲੀ-ਗਲੋਚ ਕੀਤਾ। ਇਸ ਦੌਰਾਨ ਪਹਿਲਾਂ ਉਨ੍ਹਾਂ ਵੱਲੋਂ ਤਲਵਾਰ ਨਾਲ ਹਮਲਾ ਕੀਤਾ ਗਿਆ ਅਤੇ ਫਿਰ ਰਿਵਾਲਵਰ ਤੋਂ ਗੋਲੀਆਂ ਚਲਾਈਆਂ ਗਈਆਂ। ਇਸ ਹਮਲੇ ਵਿੱਚ ਰਣਜੋਤ ਸਿੰਘ ਅਤੇ ਸਮਰੀਤ ਸਿੰਘ ਨਾਮਕ ਦੋ ਨੌਜਵਾਨ ਜ਼ਖ਼ਮੀ ਹੋ ਗਏ।
ਹਮਲੇ ਦੀ ਵੀਡੀਓ ਇੰਟਰਨੈੱਟ 'ਤੇ ਕਾਫੀ ਵਾਇਰਲ ਹੋਈ, ਜਿਸ ਤੋਂ ਬਾਅਦ ਪੁਲਿਸ ਹਰਕਤ 'ਚ ਆ ਗਈ। ਥਾਣਾ ਸਰਹਾਲੀ ਦੇ ਵਧੀਕ ਇੰਚਾਰਜ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਕੈਰੋਂ ਦੇ ਕਮਿਊਨਿਟੀ ਹੈਲਥ ਸੈਂਟਰ ਵਿੱਚ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਪ੍ਰਗਟ ਸਿੰਘ, ਉਸ ਦੀ ਪਤਨੀ ਜੋਗਿੰਦਰ ਕੌਰ ਪੁੱਤਰ ਹਰਵਿੰਦਰ ਸਿੰਘ ਖ਼ਿਲਾਫ਼ ਧਾਰਾ-307 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ: ਜਬਰਜਨਾਹ ਦੇ ਮਾਮਲੇ ’ਚ ਸਿਮਰਜੀਤ ਬੈਂਸ ਦਾ ਭਰਾ ਗ੍ਰਿਫਤਾਰ