ਤਰਨ ਤਾਰਨ: ਪਿੰਡ ਡਾਲੇਕੇ ਵਿੱਚ ਨਗਰ ਕੀਰਤਨ ਦੌਰਾਨ ਹੋਏ ਧਮਾਕੇ 'ਚ ਜ਼ਖ਼ਮੀ ਇੱਕ ਹੋਰ ਬੱਚੇ ਦੀ ਮੌਤ ਹੋ ਗਈ ਹੈ, ਜਿਸ ਪਿੱਛੋਂ ਮਰਨ ਵਾਲਿਆਂ ਦੀ ਗਿਣਤੀ 3 ਹੋ ਗਈ ਹੈ।
ਧਮਾਕੇ ਵਿੱਚ ਗੁਰਕੀਰਤ ਸਿੰਘ ਗੰਭੀਰ ਜ਼ਖਮੀ ਹੋ ਗਿਆ ਸੀ, ਜਿਸ ਪਿੱਛੋਂ ਉਸ ਦੀ ਐਤਵਾਰ ਨੂੰ ਇਲਾਜ ਦੌਰਾਨ ਮੌਤ ਹੋ ਗਈ। ਦੱਸ ਦੇਈਏ ਕਿ ਇਸ ਘਟਨਾ 'ਚ ਪਹਿਲਾਂ 2 ਬੱਚਿਆਂ ਦੀ ਮੌਤ ਹੋ ਚੁੱਕੀ ਹੈ।
ਦੱਸਣਯੋਗ ਹੈ ਕਿ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਪਿੰਡ ਪਹੁਵਿੰਡ ਦੇ ਗੁਰਦੁਆਰਾ ਬਾਬਾ ਦੀਪ ਸਿੰਘ ਤੋਂ ਗੁਰਦੁਆਰਾ ਟਾਹਲਾ ਸਾਹਿਬ ਚੱਬਾ ਜਾ ਰਿਹਾ ਸੀ। ਨਗਰ ਕੀਰਤਨ ਜਦੋਂ ਪਿੰਡ ਡਾਲੇਕੇ ਪੁੱਜਿਆ ਤਾਂ ਇਸ ਵਿੱਚ ਸ਼ਾਮਲ ਸ਼ਰਧਾਲੂਆਂ ਵੱਲੋਂ ਚਲਾਈ ਜਾ ਰਹੀ ਆਤਿਸ਼ਬਾਜ਼ੀ ’ਚੋਂ ਨਿਕਲੇ ਚੰਗਿਆੜਿਆਂ ਨਾਲ ਟਰਾਲੀ ਵਿੱਚ ਬੋਰੀਆਂ ’ਚ ਰੱਖੇ ਪਟਾਕਿਆਂ ਨੂੰ ਅੱਗ ਲੱਗ ਗਈ, ਜਿਸ ਕਾਰਨ ਜ਼ੋਰਦਾਰ ਧਮਾਕਾ ਹੋਇਆ। ਇਸ ਹਾਦਸੇ ਵਿੱਚ ਦੋ ਬੱਚਿਆਂ ਦੀ ਪਹਿਲਾਂ ਮੌਤ ਹੋ ਗਈ ਤੇ ਇੱਕ ਦੀ ਐਤਵਾਰ ਸ਼ਾਮ ਨੂੰ ਮੌਤ ਹੋ ਗਈ।
ਧਮਾਕੇ ਕਾਰਨ ਜ਼ਖ਼ਮੀ ਹੋਏ 13 ਸ਼ਰਧਾਲੂਆਂ ਨੂੰ ਇੱਥੋਂ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿਨ੍ਹਾਂ ਵਿਚੋਂ 11 ਦੀ ਹਾਲਤ ਗੰਭੀਰ ਹੋਣ ਕਰਕੇ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਕਈ ਹੋਰ ਜ਼ਖ਼ਮੀਆਂ ਨੂੰ ਪ੍ਰਾਈਵੇਟ ਹਸਪਤਾਲ ਵਿੱਚ ਵੀ ਦਾਖ਼ਲ ਕਰਵਾਇਆ ਗਿਆ ਹੈ। ਜ਼ਖ਼ਮੀਆਂ ਵਿਚੋਂ ਜ਼ਿਆਦਾਤਰ ਦੀ ਉਮਰ 15 ਤੋਂ 25 ਸਾਲ ਵਿਚਾਲੇ ਹੈ।