ਸ੍ਰੀ ਮੁਕਤਸਰ ਸਾਹਿਬ: ਪਿੰਡ ਸੰਮੇਵਾਲੀ ਵਿਖੇ ਜ਼ਮੀਨੀ ਵਿਵਾਦ ਨੂੰ ਲੈ ਕੇ ਇੱਕ 17 ਸਾਲਾ ਨੌਜਵਾਨ ਨੇ ਆਪਣੀ ਦਾਦੀ ਤੇ ਭੂਆ 'ਤੇ ਫਾਈਰਿੰਗ ਕੀਤੀ। ਇਸ ਕਾਰਨ ਦੋਵੇਂ ਔਰਤਾਂ ਗੰਭੀਰ ਜ਼ਖ਼ਮੀ ਹੋ ਗਈਆਂ। ਦੋਹਾਂ ਜ਼ਖਮੀਆਂ ਨੂੰ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ 'ਚ ਇਲਾਜ ਲਈ ਰੱਖਿਆ ਗਿਆ ਹੈ।
ਹਾਦਸੇ ਬਾਰੇ ਦੱਸਦੇ ਹੋਏ ਪੀੜਤਾ ਸੁਮੀਤ ਕੌਰ ਸਿੱਧੂ ਨੇ ਦੱਸਿਆ ਕਿ ਉਸ ਦਾ ਸੁਹਰੇ ਪਰਿਵਾਰ ਨਾਲ ਵਿਵਾਦ ਚੱਲ ਰਿਹਾ ਹੈ, ਇਸ ਕਾਰਨ ਉਹ ਬੀਤੇ ਦੱਸ ਸਾਲਾਂ ਤੋਂ ਪਿੰਡ ਸੰਮੇਵਾਲੀ ਵਿਖੇ ਆਪਣੀ ਮਾਂ ਦੇ ਕੋਲ ਰਹਿੰਦੀ ਹੈ। ਉਸ ਦੇ ਨਾਲ 10 ਕਿੱਲੇ ਜ਼ਮੀਨ ਹੈ। ਜ਼ਮੀਨ ਨੂੰ ਲੈ ਕੇ ਉਸ ਦੇ ਭਰਾ ਨਾਲ ਆਪਸੀ ਵਿਵਾਦ ਚੱਲ ਰਿਹਾ ਸੀ, ਪਰ ਉਸ ਦਾ ਛੋਟਾ ਭਤੀਜਾ ਉਨ੍ਹਾਂ ਕੋਲ ਆ ਕੇ ਰਹਿੰਦਾ ਸੀ। ਮਾਘੀ ਵਾਲੇ ਦਿਨ ਉਸ ਦੇ 17 ਸਾਲਾ ਭਤੀਜਾ ਕਨਵਰਜੀਤ ਉਨ੍ਹਾਂ ਕੋਲ ਰਹਿਣ ਆਇਆ ਸੀ ਤੇ ਅਗਲੇ ਦਿਨ ਸਵੇਰ ਵੇਲੇ ਉਸ ਨੇ ਉਸ ਦੀ ਮਾਂ ਤੇ ਉਸ ਉਪਰ ਤਾਬੜ ਤੋੜ ਫਾਈਰਿੰਗ ਸ਼ੁਰੂ ਕਰ ਦਿੱਤੀ।
ਇਸ ਹਾਦਸੇ 'ਚ ਦੋਵੇਂ ਮਾਂ-ਧੀ ਗੰਭੀਰ ਜ਼ਖਮੀ ਹੋ ਗਏ। ਨੌਕਰ ਦੇ ਪਹੁੰਚਣ ਤੇ ਕੰਵਰਜੀਤ ਉਥੋਂ ਫਰਾਰ ਹੋ ਗਿਆ। ਲੋਕਾਂ ਦੀ ਮਦਦ ਨਾਲ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਪੀੜਤਾ ਨੇ ਦੱਸਿਆ ਕਿ ਕੁੱਝ ਸਾਲ ਪਹਿਲਾਂ ਵੀ ਉਸ ਦੇ ਭਰਾ ਅਤੇ ਵੱਡੇ ਭਤੀਜੇ ਨੇ ਉਨ੍ਹਾਂ 'ਤੇ ਜਾਨਲੇਵਾ ਹਮਲਾ ਕੀਤਾ ਸੀ, ਉਸ ਵੇਲੇ ਉਨ੍ਹਾਂ ਨੇ ਹਾਈ ਕੋਰਟ ਤੋਂ ਸੁਰੱਖਿਆ ਦੀ ਮੰਗ ਕੀਤੀ ਸੀ। ਉਨ੍ਹਾਂ ਇਨਸਾਫ ਦੀ ਮੰਗ ਕਰਦਿਆਂ ਮੁਲਜ਼ਮਾਂ ਉੱਤੇ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।
ਦੋਹਾਂ ਜ਼ਖਮੀ ਔਰਤਾਂ ਦਾ ਇਲਾਜ ਕਰ ਰਹੇ ਡਾਕਟਾਰਾਂ ਨੇ ਦੱਸਿਆ ਕਿ ਸੁਮੀਤ ਕੌਰ ਨੂੰ ਤਿੰਨ ਅਤੇ ਉਸ ਦੀ ਮਾਂ ਸੁਖਜਿੰਦਰ ਕੌਰ ਦੋ ਗੋਲੀਆਂ ਲੱਗੀਆਂ ਸਨ। ਦੋਹਾਂ ਦਾ ਇਲਾਜ ਜਾਰੀ ਹੈ ਤੇ ਹੁਣ ਉਹ ਖ਼ਤਰੇ ਤੋਂ ਬਾਹਰ ਹਨ।
ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਕੇਵਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪੀੜਤਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਨਾਬਾਲਗ ਹੈ ਅਤੇ ਉਨ੍ਹਾਂ ਦੀ ਟੀਮ ਵੱਲੋਂ ਇਹ ਜਾਂਚ ਕੀਤੀ ਜਾਵੇਗੀ ਕਿ ਉਸ ਨੇ ਖ਼ੁਦ ਇਹ ਅਪਰਾਧ ਕੀਤਾ ਹੈ ਜਾਂ ਉਸ ਨੂੰ ਅਜਿਹਾ ਕਰਨ ਲਈ ਕਿਸੇ ਵੱਲੋਂ ਉਕਸਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਕੰਵਰਜੀਤ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਵੱਲੋਂ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।