ਲੰਬੀ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਸਰਕਾਰ ਉੱਤੇ ਧਾਂਦਲੀ ਦੇ ਇਲਜ਼ਾਮ ਲਾਏ ਹਨ। ਸੁਖਬੀਰ ਬਾਦਲ ਨੂੰ ਕੁਝ ਸ਼ਿਕਾਇਤਾਂ ਮਿਲੀਆਂ ਸਨ ਕਿ ਬਠਿੰਡਾ ਹਲਕੇ ਵਿੱਚ ਪ੍ਰਸ਼ਾਸਨ ਵੱਲੋਂ ਕਾਂਗਰਸੀ ਆਗੂਆਂ ਨੂੰ ਰਾਸ਼ਨ ਦਿੱਤਾ ਜਾ ਰਿਹਾ ਹੈ ਅਤੇ ਕਾਂਗਰਸ ਦੇ ਐਮਸੀ ਇਸ ਰਾਸ਼ਨ ਨੂੰ ਆਪਣੇ ਘਰਾਂ ਵਿੱਚ ਦੱਬੀ ਬੈਠੇ ਹਨ।
ਅਕਾਲੀ ਵਰਕਰਾਂ ਵੱਲੋਂ ਮਿਲੀਆਂ ਸ਼ਿਕਾਇਤਾਂ ਮਗਰੋਂ ਸੁਖਬੀਰ ਬਾਦਲ ਨੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਨਾਲ ਫੋਨ ਉੱਤੇ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਗ਼ਰੀਬਾਂ ਨੂੰ ਰਾਸ਼ਨ ਦੇਣ ਲਈ ਖ਼ੁਦ ਦਖਲਅੰਦਾਜ਼ੀ ਕਰਨ। ਫੋਨ ਉੱਤੇ ਗੱਲਬਾਤ ਦੌਰਾਨ ਸੁਖਬੀਰ ਬਾਦਲ ਖ਼ੁਦ ਇਹ ਕਹਿੰਦੇ ਦਿਖਾਈ ਦੇ ਰਹੇ ਹਨ ਕਿ ਜੇਕਰ ਕਾਂਗਰਸੀ ਐਮਸੀ ਰਾਸ਼ਨ ਨਹੀਂ ਵੰਡਣਗੇ ਤਾਂ ਲੋਕ ਗੁੱਸੇ ਵਿੱਚ ਆ ਕੇ ਸੜਕਾਂ ਉੱਤੇ ਉੱਤਰ ਸਕਦੇ ਹਨ ਜਿਸ ਨਾਲ ਸਥਿਤੀ ਹੋਰ ਵੀ ਭਿਆਨਕ ਹੋ ਸਕਦੀ ਹੈ।
ਸੁਖਬੀਰ ਬਾਦਲ ਨੇ ਡਿਪਟੀ ਕਮਿਸ਼ਨਰ ਨਾਲ ਗੱਲਬਾਤ ਕਰਦਿਆਂ ਦੀ ਵੀਡੀਓ ਵੀ ਸਾਂਝੀ ਕੀਤੀ ਹੈ। ਜਿਸ ਵਿੱਚ ਉਹ ਕਹਿ ਰਹੇ ਹਨ ਕਿ ਇਹ ਵੇਲਾ ਲੋਕਾਂ ਦੀ ਮਦਦ ਦਾ ਹੈ ਪਰ ਕਾਂਗਰਸ ਦੇ ਐਮਸੀ ਗ਼ਰੀਬਾਂ ਲਈ ਆਇਆ ਰਾਸ਼ਨ ਘਰਾਂ ਵਿੱਚ ਹੀ ਸਾਂਭੀ ਬੈਠੇ ਹਨ।