ਸ੍ਰੀ ਮੁਕਤਸਰ ਸਾਹਿਬ: ਸ਼ਹਿਰ ਦੇ ਸਾਰੇ ਮੰਦਰ ਮਹਾਂਸ਼ਿਵਰਾਤਰੀ ਮੌਕੇ ਭਗਵਾਨ ਸ਼ਿਵ ਸ਼ੰਕਰ ਜੀ ਦੇ ਜੈਕਾਰਿਆਂ ਨਾਲ ਗੂੰਜਦੇ ਨਜ਼ਰ ਆਏ। ਮਹਾਂਸ਼ਿਵਰਾਤਰੀ ਨੂੰ ਲੈ ਕੇ ਦਿਨ ਚੱੜਦਿਆਂ ਹੀ ਸ਼ਰਧਾਲੂਆਂ ਵੱਲੋਂ ਮੰਦਰਾਂ ਵਿੱਚ ਪਹੁੰਚ ਕੇ ਭਗਵਾਨ ਭੋਲੇਨਾਥ ਦੀ ਪੂਜਾ ਸ਼ੁਰੂ ਕਰ ਦਿੱਤੀ ਗਈ ਅਤੇ ਇਹ ਸਿਲਸਿਲਾ ਦਿਨ ਭਰ ਇੰਝ ਹੀ ਚੱਲਦਾ ਰਿਹਾ।
ਸ਼ਿਵ ਪੂਜਾ ਕਰਨ ਮਗਰੋਂ ਸ਼ਰਧਾਲੂਆਂ ਨੇ ਸ੍ਰੀ ਸ਼ਿਵ ਚਾਲੀਸਾ ਪਾਠ ਵੀ ਕੀਤੇ। ਮਹਾਂਸ਼ਿਵਰਾਤਰੀ ਦੇ ਚਲਦਿਆਂ ਸਵੇਰੇ-ਸਵੇਰੇ ਫੱਲ-ਫੂਲ ਅਤੇ ਭੰਗ-ਧਤੂਰੇ ਵਾਲੀਆਂ ਸਟਾਲਾਂ 'ਤੇ ਵੀ ਸ਼ਰਧਾਲੂ ਪੂਜਨ ਵਾਸਤੇ ਖਰੀਦਦਾਰੀ ਕਰਦੇ ਨਜ਼ਰ ਆਏ।
ਸ਼ਹਿਰ ਦੇ ਸ੍ਰੀ ਰਾਮ ਭਵਨ, ਸ੍ਰੀ ਸਿਆਮ ਮੰਦਰ, ਸ਼੍ਰੀ ਰਘੂਨਾਥ ਮੰਦਰ, ਮਹਾਦੇਵ ਮੰਦਰ, ਸ਼ਕਤੀ ਮੰਦਰ ਸ਼੍ਰੀ ਮਨਨ ਧਾਮ, ਬਾਬਾ ਕਾਂਸੀ ਪ੍ਰਸਾਦ ਸ਼ਿਵ ਮੰਦਰ, ਸ਼੍ਰੀ ਦੁਰਗਾ ਮੰਦਰ, ਨਰਮਦੇਸ਼ਵਰ ਸ਼ਿਵ ਮੰਦਰ, ਸ੍ਰੀ ਬਾਲਾ ਜੀ ਧਾਮ ਸਮੇਤ ਸ਼ਹਿਰ ਦੇ ਸਮੂਹ ਮੰਦਰਾਂ ਵਿਚ ਸਵੇਰ ਤੋਂ ਸ਼ਰਧਾਲੂਆਂ ਦੀ ਭੀੜ ਸ਼ਿਵ ਭੋਲੇ ਦੀ ਪੂਜਾ-ਅਰਚਨਾ ਕਰਨ ਲਈ ਉਮੜੀ ਨਜ਼ਰ ਆ ਰਹੀ ਸੀ।