ਮੁਕਤਸਰ ਸਾਹਿਬ: ਕਰੋਨਾ ਦੇ ਚਲਦਿਆਂ ਪ੍ਰਸ਼ਾਸਨ ਨੇ ਆਦੇਸ਼ ਦਿੱਤੇ ਹੋਏ ਹਨ ਕਿ 20 ਤੋਂ ਜ਼ਿਆਦਾ ਲੋਕ ਇਕੱਠੇ ਨਾ ਹੋਣ ਅਤੇ ਹਰ ਇੱਕ ਵਿਅਕਤੀ ਜਨਤਕ ਥਾਂ ’ਤੇ ਮਾਸਕ ਪਾ ਕੇ ਜਾਵੇ। ਪਰ ਲੋਕਾਂ ਛੱਡੋ ਸਰਕਾਰੀ ਕਰਮਚਾਰੀ ਵੀ ਇੰਨਾਂ ਆਦੇਸ਼ਾਂ ਦਾ ਪਾਲਣ ਨਹੀਂ ਕਰਦੇ। ਜਿੰਨਾਂ ਨੂੰ ਵੇਖ ਕੇ ਲੋਕਾਂ ਨੇ ਅੱਗੇ ਕੀ ਸਿੱਖਿਆ ਲੈਣੀ ਹੈ। ਜੇਕਰ ਇਨ੍ਹਾਂ ਨੂੰ ਕੁਝ ਕਹੋ ਤਾਂ ਅੱਗੇ ਭੱਜ ਕੇ ਪੈ ਜਾਂਦੇ ਹਨ। ਅਜਿਹਾ ਹੀ ਕੁਝ ਹੋਇਆ ਅਬੋਹਰ ਰੋਡ ਦੀ ਗਲੀ ਨੰਬਰ 1 ਵਿਚ। ਅਸਲ ਵਿਚ ਪੂਰਾ ਸ਼ਹਿਰ ਹੀ ਪਾਣੀ ਦੀ ਕਿੱਲਤ ਨਾਲ ਜੂਝ ਰਿਹਾ ਹੈ। ਕਿਉਂਕਿ ਨਹਿਰਾਂ ਬੰਦ ਹਨ। ਜਿਸ ਕਾਰਨ ਨਗਰ ਕੌਂਸਲ ਵੱਲੋਂ ਟੈਂਕਰ ਰਾਹੀਂ ਲੋਕਾਂ ਨੂੰ ਗਲੀਆਂ ਮੁਹੱਲਿਆਂ ਵਿਚ ਪਾਣੀ ਪਹੁੰਚਾਇਆ ਜਾ ਰਿਹਾ ਹੈ।
ਅਜਿਹੇ ਵਿਚ ਜਦੋਂ ਪਾਣੀ ਦਾ ਟੈਂਕਰ ਮੁਹੱਲੇ ਵਿਚ ਜਾਂਦਾ ਹੈ ਤਾਂ ਗਲੀ ਦੀਆਂ ਔਰਤਾਂ ਬਿਨਾਂ ਮਾਸਕ ਅਤੇ ਸਮਾਜਿਕ ਦੂਰੀ ਦੇ ਉਸ ਟੈਂਕਰ ਦੇ ਆਸ ਪਾਸ ਇਕੱਠੀਆਂ ਹੋ ਜਾਂਦੀਆਂ ਹਨ। ਜਿਸ ਨਾਲ ਬੀਮਾਰੀ ਫੈਲਣ ਦਾ ਖਤਰਾ ਹੋਰ ਵੀ ਵਧ ਜਾਂਦਾ ਹੈ। ਇਥੋਂ ਤੱਕ ਕਿ ਇਹ ਔਰਤਾਂ ਆਪਸ ਵਿਚ ਲੜਦੀਆਂ ਝਗੜਦੀਆਂ ਪਾਣੀ ਪਹਿਲਾਂ ਭਰਨ ਲਈ ਹੱਥੋਪਾਈ ਤੱਕ ਹੋਣ ਨੂੰ ਜਾਂਦੀਆਂ ਹਨ। ਜਿਸ ਨਾਲ ਹੋਰ ਵੀ ਘਟਨਾ ਹੋ ਸਕਦੀ ਹੈ। ਇਸ ਟੈਂਕਰ ਨੂੰ ਲਿਆਉਣ ਵਾਲਾ ਵਿਅਕਤੀ ਖੁਦ ਹੀ ਸਰਕਾਰੀ ਨੇਮਾਂ ਦੀ ਪਾਲਣ ਨਹੀਂ ਕਰ ਰਿਹਾ ਤਾਂ ਉਹ ਹੋਰਾਂ ਨੂੰ ਕੀ ਕਰਵਾਏਗਾ। ਅਬੋਹਰ ਰੋਡ ਦੀ ਗਲੀ ਨੰਬਰ ਇੱਕ ਵਿਚ ਜਦੋਂ ਸਵੇਰੇ ਟੈਂਕਰ ਵਾਲਾ ਪਾਣੀ ਲੈ ਕੇ ਆਇਆ ਤਾਂ ਮੁਹੱਲੇ ਦੀਆਂ ਔਰਤਾਂ ਬਿਨਾਂ ਮਾਸਕ ਹੀ ਉਥੇ ਪਾਣੀ ਭਰਨ ਲਈ ਇਕੱਠੀਆਂ ਹੋ ਗਈਆਂ।
ਪਾਣੀ ਲਿਆਉਣ ਵਾਲੇ ਵਿਅਕਤੀ ਨੇ ਤਾਂ ਖੁਦ ਹੀ ਮਾਸਕ ਨਹੀਂ ਪਾਇਆ ਹੋਇਆ ਸੀ। ਜਦੋਂ ਮੁਹੱਲੇ ਦੇ ਇੱਕ ਸਮਾਜ ਸੇਵੀ ਨੇ ਉਸਨੂੰ ਕਿਹਾ ਕਿ ਸਮਾਜਿਕ ਦੂਰੀ ਬਣਵਾਏ ਅਤੇ ਮਾਸਕ ਵੀ ਲਗਵਾਏ ਤਾਂ ਉਹ ਕਹਿੰਦਾ ਇਹ ਕਿਹੜਾ ਕਿਸੇ ਦੀ ਸੁਣਦੀਆਂ ਹਨ। ਮੇਰੇ ਵੱਸੋਂ ਤਾਂ ਬਾਹਰ ਹੈ ਜਿਵੇਂ ਭਰਦੀਆਂ ਭਰੀ ਜਾਣ ਦੇ। ਜਦੋਂ ਉਸ ਸਮਾਜ ਸੇਵੀ ਨੇ ਕਿਹਾ ਕਿ ਤੁਸੀਂ ਤਾਂ ਖੁਦ ਵੀ ਮਾਸਕ ਨਹੀਂ ਪਾਇਆ ਤਾਂ ਉਹ ਕਰਮਚਾਰੀ ਭੜਕ ਗਿਆ ਅਤੇ ਕਹਿਣ ਲੱਗਾ ਕਿ ਮੈਂ ਕੀ ਕਰਾਂ ਹੁਣ ਚਲਾਣ ਕਰਵਾ ਦਿਓ ਮੇਰਾ, ਮੇਰੇ ਤੋਂ ਤਾਂ ਨੀਂ ਲੱਗਦਾ ਮਾਸਕ। ਇੰਨਾਂ ਕਹਿੰਦੇ ਹੀ ਉਹ ਕਰਮਚਾਰੀ ਫਿਰ ਔਰਤਾਂ ਨਾਲ ਬਹਿਸ ਕਰਨ ਲੱਗਾ ਪਰ ਕਿਸੇ ਨੇ ਉਸਦੀ ਇੱਕ ਨਹੀਂ ਸੁਣੀ ਅਤੇ ਔਰਤਾਂ ਨੇ ਉਵੇਂ ਹੀ ਬਿਨਾਂ ਸਮਾਜਿਕ ਦੂਰੀ ਅਤੇ ਬਿਨਾਂ ਮਾਸਕ ਤੋਂ ਹੀ ਪਾਣੀ ਭਰਿਆ।