ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਦੇ ਗਿੱਦੜਬਾਹਾ ਦੀ ਨੂਪੁਰ ਗੋਇਲ ਨੇ UPSC ਪ੍ਰੀਖਿਆ ਵਿੱਚ ਦੇਸ਼ 'ਚ 246ਵਾਂ ਰੈਂਕ ਹਾਸਲ ਕੀਤਾ ਹੈ। ਨੂਪੁਰ ਦੀ ਇਸ ਜਿੱਤ ਉੱਤੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ।
ਨੂਪੁਰ ਨੇ ਦੱਸਿਆ ਕਿ ਬੀ.ਟੈਕ ਦੀ ਪੜ੍ਹਾਈ ਤੋਂ ਬਾਅਦ ਉਸ ਦੇ ਚਚੇਰੇ ਭਰਾ ਜਤਿਨ ਗੋਇਲ ਨੇ ਉਸ ਨੂੰ ਯੂ.ਪੀ.ਐੱਸ.ਸੀ. ਵਿੱਚ ਜਾਣ ਲਈ ਪ੍ਰੇਰਿਤ ਕੀਤਾ। ਸਾਲ 2016 'ਚ ਉਸ ਨੇ ਪਹਿਲੀ ਵਾਰ ਯੂ.ਪੀ.ਐੱਸ.ਸੀ. ਦੀ ਪ੍ਰੀਖਿਆ ਦਿੱਤੀ। ਨੂਪੁਰ ਸਾਲ 2016 ਦੀ ਪ੍ਰੀਲਿਮਨਰੀ ਪ੍ਰੀਖਿਆ ਕਲੀਅਰ ਨਹੀਂ ਕਰ ਸਕੀ, ਜਦੋਂਕਿ ਸਾਲ 2017 ਦੀ ਯੂ.ਪੀ.ਐੱਸ.ਸੀ. ਪ੍ਰੀਖਿਆ ਵਿੱਚ ਉਸ ਨੇ ਪ੍ਰੀਰਿਮਲਨਰੀ ਪ੍ਰੀਖਿਆ ਤਾਂ ਪਾਸ ਕਰ ਲਈ ਪਰ ਮੇਨਜ਼ ਵਿੱਚ ਉਸ ਨੂੰ ਅਸਫ਼ਲਤਾ ਦਾ ਸਾਹਮਣਾ ਕਰਨਾ ਪਿਆ। ਸਾਲ 2018 ਵਿਚ ਹੋਈ ਪ੍ਰੀਖਿਆ 'ਚ ਉਸ ਨੇ ਪਿਛਲੀਆਂ ਨਾਕਾਮਯਾਬੀਆਂ ਨੂੰ ਭੁਲਾਉਂਦਿਆਂ ਜਿੱਤ ਪ੍ਰਾਪਤ ਕੀਤੀ ਅਤੇ ਦੇਸ਼ ਭਰ ਵਿੱਚੋਂ 246ਵਾਂ ਰੈਂਕ ਹਾਸਲ ਕੀਤਾ।
ਨੂਪੁਰ ਨੇ ਕਿਹਾ ਕਿ ਉਹ ਬਤੌਰ ਪ੍ਰਸ਼ਾਸਨਿਕ ਅਧਿਕਾਰੀ ਹਰ ਸਮੇਂ ਲੋਕਾਂ ਦੀ ਸੇਵਾ ਲਈ ਤਿਆਰ ਰਹੇਗੀ ਅਤੇ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਬਿਨਾਂ ਕਿਸੇ ਡਰ ਅਤੇ ਰਾਜਨੀਤਕ ਦਬਾਅ ਤੋਂ ਕਰੇਗੀ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨੂਪੁਰ ਦੇ ਪਿਤਾ ਦੀਪਕ ਗੋਇਲ ਨੇ ਕਿਹਾ ਕਿ ਉਨ੍ਹਾਂ ਦੀ ਲੜਕੀ ਨੇ ਗੋਇਲ ਖ਼ਾਨਦਾਨ ਦਾ ਹੀ ਨਹੀਂ ਸਗੋਂ ਪੂਰੇ ਇਲਾਕੇ ਦਾ ਮਾਣ ਵਧਾਇਆ ਹੈ ਅਤੇ ਉਨਾਂ ਨੂੰ ਆਪਣੀ ਧੀ 'ਤੇ ਮਾਣ ਹੈ।