ਸ੍ਰੀ ਮੁਕਤਸਰ ਸਾਹਿਬ: ਦੁਬਈ ਵਿਖੇ ਬੁਰੇ ਹਾਲਾਤ 'ਚ ਜੀਵਨ ਬਸਰ ਕਰ ਰਹੀਆਂ 12 ਭਾਰਤੀ ਔਰਤਾਂ ਨੂੰ ਸਰਬੱਤ ਦਾ ਭਲਾ ਟਰੱਸਟ ਵੱਲੋਂ ਵਾਪਸ ਲਿਆਂਦਾ ਗਿਆ। ਇਨ੍ਹਾਂ ਵਿੱਚੋਂ ਇੱਕ ਔਰਤ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਨਾਲ ਸਬੰਧਿਤ ਹੈ। ਇਹ ਔਰਤ ਤਿੰਨ ਮਹੀਨੇ ਪਹਿਲਾਂ ਦੁਬਈ ਗਈ ਸੀ ਪਰ ਉਥੇ ਏਜੰਟ ਨੇ ਇਨ੍ਹਾਂ 12 ਔਰਤਾਂ ਨੂੰ ਅੱਗੇ ਭੇਜ ਦਿੱਤਾ ਅਤੇ ਇਨ੍ਹਾਂ ਨੂੰ ਇੱਕ ਕਮਰੇ ਵਿੱਚ ਬੰਦ ਰੱਖਿਆ ਗਿਆ। ਖਾੜੀ ਦੇਸ਼ਾਂ ਵਿੱਚ ਏਜੰਟਾਂ ਦੇ ਕਾਰਨ ਮਾੜੇ ਵਿਵਹਾਰ ਦਾ ਸ਼ਿਕਾਰ ਹੋ ਰਹੀਆਂ ਭਾਰਤੀ ਔਰਤਾਂ ਨੂੰ ਵਾਪਿਸ ਭਾਰਤ ਲਿਆਉਣ ਲਈ ਯਤਨਸ਼ੀਲ ਸਰਬੱਤ ਦਾ ਭਲਾ ਟਰੱਸਟ ਵੱਲੋਂ ਦੁਬਈ ਤੋਂ 12 ਲੜਕੀਆਂ ਵਾਪਸ ਲਿਆਂਦੀਆਂ ਗਈਆਂ।
ਇਨ੍ਹਾਂ ਲੜਕੀਆਂ 'ਚੋਂ ਇੱਕ ਲੜਕੀ ਜੋ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਨਾਲ ਸਬੰਧਿਤ ਹੈ ਦੀ ਅੱਜ ਵਾਪਸੀ ਹੋਈ। ਇਸ ਮੌਕੇ ਟਰੱਸਟ ਅਹੁਦੇਦਾਰਾਂ ਦੀ ਹਾਜ਼ਰੀ ਵਿੱਚ ਗੱਲਬਾਤ ਕਰਦਿਆਂ ਇਸ ਲੜਕੀ ਨੇ ਦੱਸਿਆ ਕਿ ਏਜੰਟ ਵੱਲੋਂ ਚੰਗੀ ਤਨਖਾਹ ਦੇਣ ਦੇ ਲਾਲਚ 'ਚ ਉਸਨੂੰ ਇਥੋਂ ਲਿਜਾਇਆ ਗਿਆ। ਉਥੇ ਨੌਕਰੀ ਨਹੀਂ ਮਿਲੀ ਅਤੇ ਉਨ੍ਹਾਂ ਨੂੰ ਇੱਕ ਕਮਰੇ 'ਚ ਰਖਿਆ ਗਿਆ, ਜਿਥੇ ਖਾਣਾ ਵੀ ਮੁਸ਼ਕਿਲ ਨਾਲ ਦਿੱਤਾ ਜਾਂਦਾ ਸੀ।
ਲੜਕੀ ਨੇ ਦੱਸਿਆ ਕਿ ਉਨ੍ਹਾਂ ਜਦ ਵਾਪਸੀ ਦੀ ਗੱਲ ਕੀਤੀ ਤਾਂ ਉਨ੍ਹਾਂ ਤੋਂ ਦੁਬਈ ਦੇ ਏਜੰਟ ਨੇ ਹੋਰ ਪੈਸਿਆਂ ਦੀ ਮੰਗ ਕੀਤੀ। ਉਨ੍ਹਾਂ ਨੇ ਕਿਸੇ ਤਰ੍ਹਾਂ ਐਸਪੀ ਸਿੰਘ ਉਬਰਾਏ ਨਾਲ ਸੰਪਰਕ ਕੀਤਾ ਅਤੇ ਵਾਪਸੀ ਹੋਈ। ਉਨ੍ਹਾਂ ਦੀ ਵਾਪਸੀ 'ਤੇ ਖਰਚ ਵੀ ਟਰਸਟ ਵੱਲੋਂ ਕੀਤਾ ਗਿਆ।