ਸ੍ਰੀ ਮੁਕਤਸਰ ਸਾਹਿਬ: ਸ਼ਹਿਰ ਦੀ ਸਬਜ਼ੀ ਮੰਡੀ ਵਿੱਚ ਉਸ ਸਮੇਂ ਸਥਿਤੀ ਤਣਾਅ ਵਾਲੀ ਹੋ ਗਈ ਜਦੋਂ ਮੰਡੀ ਬੋਰਡ ਦੇ ਅਧਿਕਾਰੀਆਂ ਨੇ ਪੁਲਿਸ ਦੀ ਮੌਜੂਦਗੀ ਵਿੱਚ 40 ਸਾਲ ਤੋਂ ਵਧੇਰੇ ਸਮੇਂ ਤੋਂ ਬੈਠੇ ਸਬਜ਼ੀ ਆੜ੍ਹਤੀਆਂ ਦੀ ਫੜਾਂ 'ਚੋਂ ਇੱਕ-ਇੱਕ ਫ਼ੁੱਟ ਪ੍ਰਤੀ ਫ਼ਰਮ ਤੋਂ ਕੱਟ ਕੇ ਤਿੰਨ ਹੋਰ ਆੜ੍ਹਤੀਆਂ ਨੂੰ ਫ਼ਰਮਾਂ ਅਲਾਟ ਕਰ ਦਿੱਤੀਆਂ ਹਨ ਜਿਸ ਦਾ ਕੁਝ ਆੜ੍ਹਤੀ ਵਿਰੋਧ ਕਰ ਰਹੇ ਹਨ।
ਸਬਜ਼ੀ ਆੜ੍ਹਤੀਏ ਗੋਲਡੀ ਦਾਬੜਾ ਨੇ ਰੋਸ ਜਤਾਉਂਦਿਆਂ ਆਖਿਆ ਕਿ ਅੱਜ ਮਾਰਕਿਟ ਕਮੇਟੀ ਵਾਲਿਆਂ ਨੇ ਫੜਾਂ ਦੀ ਵੰਡ ਕੀਤੀ ਹੈ। ਫੜਾਂ ਦੀ ਵੰਡ ਹੋਣ ਨਾਲ ਉਨ੍ਹਾਂ ਦੀ ਫੜ ਘੱਟ ਗਈ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਮਾਰਕਿਟ ਕਮੇਟੀ ਵਾਲਿਆਂ ਨੇ ਉਨ੍ਹਾਂ ਦੀ ਫੜ 'ਚੋਂ 27 ਫੁੱਟ ਦੀ ਕਟੌਤੀ ਕੀਤੀ ਸੀ ਹੁਣ ਫਿਰ ਤੋਂ ਫੜਾਂ ਦੀ ਵੰਡ ਹੋਣ ਨਾਲ ਉਨ੍ਹਾਂ ਦੀ ਫੜ ਘਟ ਗਈ ਹੈ। ਉਨ੍ਹਾਂ ਨੇ ਕਿਹਾ ਕਿ ਮੰਡੀ ਯੂਨੀਅਨ ਦੇ ਆਗੂਆਂ ਕੋਲ 15-15 ਸੌ ਸੁਕੇਅਰ ਫੁੱਟ ਦੀ ਥਾਂ ਪਹਿਲਾਂ ਤੋਂ ਮੌਜੂਦ ਹੈ ਇਸ ਦੇ ਬਾਵਜੂਦ ਮਾਰਕਿਟ ਕਮੇਟੀ ਨੇ ਉਨ੍ਹਾਂ ਦੀ ਫੜ ਵਿੱਚ ਕਟੌਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਫੜ ਵਿੱਚ ਕਟੌਤੀ ਹੋਣ ਨਾਲ ਉਹ ਸ਼ੈਡ ਤੋਂ ਬਾਹਰ ਹੋ ਗਏ ਹਨ। ਉਨ੍ਹਾਂ ਕਿਹਾ ਕਿ ਉਹ ਕਾਂਗਰਸ ਦੀ ਮੁੱਖ ਸੇਵਾਦਾਰ ਅਤੇ ਸਾਬਕਾ ਵਿਧਾਇਕਾ ਬੀਬੀ ਬਰਾੜ ਦੇ ਧਿਆਨ 'ਚ ਇਹ ਮਾਮਲਾ ਲਿਆਉਣਗੇ।
ਦੂਜੇ ਪਾਸੇ ਆੜ੍ਹਤੀਏ ਹਰੀਸ਼ ਕੁਮਾਰ ਨੇ ਆਖਿਆ ਕਿ ਪ੍ਰਸ਼ਾਸਨ ਅਤੇ ਅਧਿਕਾਰੀਆਂ ਨੇ ਵਧੀਆ ਫੈਸਲਾ ਕਰਕੇ ਉਨ੍ਹਾਂ ਨੂੰ ਜਗ੍ਹਾ ਦਵਾਈ ਹੈ ਕਿਉਂਕਿ ਉਨ੍ਹਾਂ ਦੀ ਪਹਿਲਾਂ ਤੋਂ ਚਲੀ ਆ ਰਹੀ ਜਗ੍ਹਾ ਕਿਸੇ ਸਰਕਾਰੀ ਕੰਮ ਕਾਰਨ ਉਨ੍ਹਾਂ ਕੋਲੋਂ ਖੁੱਸ ਗਈ ਸੀ ਅਤੇ ਮੰਡੀ ਬੋਰਡ ਅਧਿਕਾਰੀਆਂ ਨੇ ਫੈਸਲਾ ਕਰਕੇ ਉਨ੍ਹਾਂ ਦੇ ਕਾਰੋਬਾਰ ਨੂੰ ਬਚਾਇਆ ਹੈ।