ਸ੍ਰੀ ਮੁਕਤਸਰ ਸਾਹਿਬ: ਗਿੱਦੜਬਾਹਾ ਦੇ ਨੇੜਲੇ ਪਿੰਡ ਗੁਰੂਸਰ ਵਿੱਚ ਨੌਜਵਾਨਾਂ ਦੇ ਦੋ ਧੜਿਆਂ ਵਿੱਚ ਕਿਸੇ ਗੱਲ ਨੂੰ ਲੈ ਕੇ ਹੋਈ ਖੂਨੀ ਝੜਪ ਵਿੱਚ ਸਿੱਧੀਆਂ ਗੋਲੀਆਂ ਚੱਲਣ ਅਤੇ ਤੇਜ਼ਧਾਰ ਹਥਿਆਰਾਂ ਨਾਲ 7 ਜਣਿਆਂ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ। ਜਿਨ੍ਹਾਂ ਵਿੱਚੋਂ ਦੋ ਜਾਣੇ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ। ਗੰਭੀਰ ਜ਼ਖਮੀਆਂ ਵਿੱਚੋਂ ਇੱਕ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਅਤੇ ਇੱਕ ਨੂੰ ਬਠਿੰਡਾ ਵਿਖੇ ਰੈਫਰ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਇਨ੍ਹਾਂ ਨੌਜਵਾਨਾਂ ਵਿੱਚ ਬੀਤੇ ਕੱਲ੍ਹ ਕਿਸੇ ਗੱਲ ਨੂੰ ਲੈ ਕੇ ਤੂੰ ਤੂੰ-ਮੈਂ ਮੈਂ ਹੋਈ ਸੀ, ਜਿਸ ਉਪਰੰਤ ਦੋਵਾਂ ਧਿਰਾਂ ਦੇ ਨੌਜਾਵਾਨਾਂ ਨੇ ਸਮਾਂ 'ਤੇ ਸਥਾਨ ਬੰਨ ਕੇ ਵੀਰਵਾਰ ਨੂੰ ਪਿੰਡ ਹੁਸਨਰ ਤੋਂ ਪਿੰਡ ਗੁਰੂਸਰ ਨੂੰ ਜਾਂਦੀ ਸੜਕ 'ਤੇ ਨਹਿਰਾਂ ਦੇ ਪੁਲ ਨੇੜੇ, ਸਿੱਧੂ ਨਰਸਰੀ ਕੋਲ ਅਬਾਦੀ ਤੋਂ ਦੂਰ ਆਪਣੇ-ਆਪਣੇ ਹਮਾਇਤੀਆਂ ਨਾਲ ਸੈਂਕੜਿਆ ਦੀ ਗਿਣਤੀ ਵਿੱਚ ਇਕੱਠੇ ਹੋਏ ਨੌਜਵਾਨਾਂ ਨੇ ਆਹਮੋਂ ਸਾਹਮਣੇ ਲੜਾਈ ਵਿੱਚ ਇੱਕ ਦੂਜੇ 'ਤੇ ਫਾਇਰਿੰਗ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ। ਇਨ੍ਹਾਂ ਨੌਜਵਾਨਾਂ ਵਿੱਚ ਪਿੰਡ ਗੁਰੂਸਰ, ਹੁਸਨਰ, ਮਧੀਰ ਆਦਿ ਪਿੰਡਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਪਿੰਡਾਂ ਦੇ ਨੌਜਵਾਨ ਸ਼ਾਮਲ ਦੱਸੇ ਜਾ ਰਹੇ ਹਨ।
ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਪਹੁੰਚੇ 7 ਜ਼ਖਮੀਆਂ ਵਿੱਚੋਂ ਇਕ ਗੰਭੀਰ ਜ਼ਖਮੀ ਗੋਰਾ ਸਿੰਘ ਪੁੱਤਰ ਗੁਰਮੋਹਨ ਸਿੰਘ ਵਾਸੀ ਗੁਰੂਸਰ ਜਿਸ ਦੇ ਪੇਟ ਵਿੱਚ ਗੋਲੀ ਵੱਜੀ ਹੈ, ਨੂੰ ਮੁੱਢਲੀ ਸਹਾਇਤਾ ਉਪਰੰਤ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਵਿਖੇ ਰੈਫਰ ਕਰ ਦਿੱਤਾ ਗਿਆ ਹੈ। ਜਦਕਿ ਗੁਰਸੇਵਕ ਸਿੰਘ ਪੁੱਤਰ ਕੌਰ ਸਿੰਘ ਵਾਸੀ ਹੁਸਨਰ ਜੋ ਕਿ ਤੇਜ਼ਧਾਰ ਹਥਿਆਰਾਂ ਨਾਲ ਗੰਭੀਰ ਰੂਪ ਵਿੱਚ ਜ਼ਖਮੀ ਸੀ, ਨੂੰ ਵੀ ਮੁੱਢਲੀ ਸਹਾਇਤਾ ਉਪਰੰਤ ਬਠਿੰਡਾ ਲਈ ਰੈਫਰ ਕਰ ਦਿੱਤਾ ਗਿਆ ਹੈ, ਅਤੇ ਜ਼ਖਮੀਂ ਜਿੰਨ੍ਹਾਂ ਵਿੱਚ ਵਰਿੰਦਰ ਸਿੰਘ ਪੁੱਤਰ ਗੁਰਾਦਿੱਤਾ ਸਿੰਘ ਵਾਸੀ ਮਧੀਰ, ਬਲਜੀਤ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਔਲਖ, ਲਵਦੀਪ ਸਿੰਘ ਵਾਸੀ ਗਿੱਦੜਬਾਹਾ, ਮਨਪ੍ਰੀਤ ਸਿੰਘ ਵਾਸੀ ਲਾਲ ਬਾਈ, ਅਜੈਪਾਲ ਸਿੰਘ ਵਾਸੀ ਗੁਰੂਸਰ ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਜੇਰੇ ਇਲਾਜ਼ ਹਨ।
ਨੇੜਲੇ ਖੇਤਾਂ 'ਚ ਕੰਮ ਕਰਦੇ ਅੱਖੀਂ ਦੇਖਣ ਵਾਲਿਆਂ ਨੇ ਦੱਸਿਆ ਕਿ ਦੋਵਾਂ ਪਾਸਿਆਂ ਤੋਂ ਡੇਢ ਸੌ ਦੇ ਲਗਭਗ ਨੌਜਵਾਨ ਆਏ, ਜਿਨ੍ਹਾਂ ਕੋਲ ਕਹੀਂਆਂ ਦੇ ਦਸਤੇ ਤੇ ਤੇਜ਼ਧਾਰ ਹਥਿਆਰ ਸਨ, ਅਤੇ ਇੱਥੇ ਆਹਮੋ ਸਾਹਮਣੇ ਟੱਕਰ ਹੋਈ ਅਤੇ ਫਾਇਰ ਵੀ ਹੋਏ। ਉਨ੍ਹਾਂ ਦੱਸਿਆ ਕਿ ਨੌਜਵਾਨਾਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਕਿਸੇ ਨੇ ਉਨ੍ਹਾਂ ਨੂੰ ਛਡਾਉਣ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਸਗੋਂ ਡਰਦੇ ਆਪ ਹੀ ਦੂਰ ਚਲੇ ਗਏ। ਪਿੰਡ ਗੁਰੂਸਰ ਦੇ ਕੁੱਝ ਵਿਅਕਤੀਆਂ ਨੇ ਦੱਸਿਆ ਕਿ ਨੌਜਵਾਨਾਂ ਨੂੰ ਇਕੱਠੇ ਹੁੰਦੇ ਵੇਖ ਕੇ ਉਨ੍ਹਾਂ ਇਸ ਦੀ ਸੂਚਨਾਂ ਪੁਲਿਸ ਨੂੰ ਪਹਿਲਾ ਦੇ ਦਿੱਤੀ ਸੀ, ਪਰ ਪੁਲਿਸ ਮੌਕੇ 'ਤੇ ਨਹੀਂ ਪਹੁੰਚੀ, ਜਿਸ ਕਾਰਨ ਇਹ ਖੂਨੀ ਝੜਪ ਹੋਈ।
ਥਾਣਾ ਗਿੱਦੜਬਾਹਾ ਦੇ ਮੁੱਖ ਅਫ਼ਸਰ ਪਰਮਜੀਤ ਸਿੰਘ ਨੇ ਦੱਸਿਆ ਕਿ ਲੜਾਈ ਦੇ ਕਾਰਨਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ, ਅਤੇ ਜ਼ਖਮੀ ਅਤੇ ਅੱਖੀਂ ਦੇਖਣ ਵਾਲਿਆਂ ਦੇ ਬਿਆਨ ਦਰਜ ਕਰਕੇ ਘਟਨਾਂ ਦੀ ਜਾਂਚ ਉਪਰੰਤ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।