ਨਵਾਂ ਸ਼ਹਿਰ: ਰੈੱਡ ਕਰਾਸ ਸੁਸਾਇਟੀ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਨਵਾਂਸ਼ਹਿਰ ਵਿਖੇ ਚਲਾਇਆ ਜਾਂਦਾ 'ਸ. ਤਾਰਾ ਸਿੰਘ ਕਾਹਮਾ ਰੈੱਡ ਕਰਾਸ ਸਪੈਸ਼ਲ ਸਕੂਲ' ਹੁਣ ਇੱਥੋਂ ਦੇ ਇਕ ਦਾਨੀ ਸੱਜਣ, ਸਮਾਜ ਸੇਵਕ ਅਤੇ 'ਨਰੋਆ ਪੰਜਾਬ ਮੁਹਿੰਮ' ਦੇ ਸੰਚਾਲਕ ਸ. ਬਰਜਿੰਦਰ ਸਿੰਘ ਹੁਸੈਨਪੁਰ ਵੱਲੋਂ ਚਲਾਇਆ ਜਾਵੇਗਾ।
ਆਰਥਿਕ ਸੰਕਟ ਦੇ ਚਲਦਿਆਂ ਇਸ ਸਕੂਲ ਵਿੱਚ ਕੰਮ ਕਰਦੇ ਅਧਿਆਪਕਾਂ ਅਤੇ ਹੋਰ ਸਟਾਫ਼ ਨੂੰ ਲਗਪਗ ਪਿਛਲੇ ਇਕ ਸਾਲ ਤੋਂ ਤਨਖਾਹਾਂ ਵੀ ਨਹੀਂ ਮਿਲੀਆਂ ਸਨ। ਜਿਸਦੇ ਕਾਰਨ ਉਹ ਨਾ ਸਿਰਫ਼ ਆਪਣੇ ਗੁਜ਼ਾਰੇ ਪ੍ਰਤੀ, ਸਗੋਂ ਉੱਥੇ ਪੜ੍ਹਦੇ ਬੱਚਿਆਂ ਲਈ ਵੀ ਚਿੰਤਤ ਸਨ।
ਇਲਾਕੇ ਵਿੱਚ ਬਰਜਿੰਦਰ ਸਿੰਘ ਹੁਸੈਨਪੁਰ ਹੁਰਾਂ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕੰਮਾਂ ਨੂੰ ਦੇਖਦਿਆਂ ਇਹ ਸਮੱਸਿਆ ਉਨ੍ਹਾਂ ਕੋਲ ਪਹੁੰਚਾਈ ਗਈ ਤਾਂ ਸ. ਹੁਸੈਨਪੁਰ ਨੇ ਨਾ ਸਿਰਫ਼ ਉਨ੍ਹਾਂ ਨੂੰ ਹੌਂਸਲਾ ਦਿੱਤਾ, ਸਗੋਂ ਉਨ੍ਹਾਂ ਦੀ ਸਮੱਸਿਆ ਹਮੇਸ਼ਾਂ ਵਾਸਤੇ ਹੱਲ ਕਰਨ ਦਾ ਵਾਅਦਾ ਵੀ ਕੀਤਾ।
ਅੱਜ ਇੱਥੇ ਸਕੂਲ ਦੀ ਸੇਵਾ ਨਿਭਾਉਣ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਬਰਜਿੰਦਰ ਸਿੰਘ ਹੁਸੈਨਪੁਰ ਨੇ ਦੱਸਿਆ ਕਿ ਉਹ ਖ਼ੁਦ ਨੂੰ ਭਾਗਾਂ ਵਾਲੇ ਸਮਝਦੇ ਹਨ, ਜਿਨ੍ਹਾਂ ਦੇ ਹਿੱਸੇ ਇਹ ਵੱਡਮੁੱਲੀ ਸੇਵਾ ਆਈ ਹੈ।
ਉਨ੍ਹਾਂ ਕਿਹਾ "ਸੇਵਾ ਅਤੇ ਦੁਆਵਾਂ ਕਦੀ ਅਜਾਈਂ ਨਹੀਂ ਜਾਂਦੀਆਂ। ਮੈਂ ਵੱਡੇ ਭਾਗਾਂ ਵਾਲਾ ਹਾਂ, ਜਿਸ ਨੂੰ ਸੇਵਾ ਵੀ ਮਿਲੀ ਅਤੇ ਅਣਭੋਲ ਬੱਚਿਆਂ, ਅਧਿਆਪਕਾਂ ਅਤੇ ਹੋਰ ਲੋਕਾਂ ਦੀਆਂ ਦੁਆਵਾਂ ਵੀ। ਸਾਡੀ ਕੋਸ਼ਿਸ਼ ਹੋਵੇਗੀ ਕਿ ਇੱਥੇ ਸਕੂਲ ਵਿੱਚ ਬੱਚਿਆਂ ਦੀ ਕੌਂਸਲਿੰਗ ਲਈ ਮਾਹਿਰ ਡਾਕਟਰ ਵੀ ਆਉਣ।
ਇਸ ਤੋਂ ਇਲਾਵਾ ਭਵਿੱਖ ਵਿਚ ਸੀਨੀਅਰ ਬੱਚਿਆਂ ਲਈ ਵੋਕੇਸ਼ਨਲ ਸਕਿੱਲ ਡਿਵੈਲਮੈਂਟ ਪ੍ਰੋਗਰਾਮ ਚਲਾਏ ਜਾਣ ਬਾਰੇ ਵੀ ਸੋਚ ਰਹੇ ਹਾਂ। ਸਿਆਸਤ ਵਿੱਚ ਆਉਣ ਬਾਰੇ ਸ. ਬਰਜਿੰਦਰ ਸਿੰਘ ਹੁਸੈਨਪੁਰ ਨੇ ਸਪੱਸ਼ਟ ਕੀਤਾ ਕਿ ਸਿਆਸਤ ਅਤੇ ਸੇਵਾ ਵੱਖਰੇ ਵੱਖਰੇ ਵਿਸ਼ੇ ਹਨ । ਸਾਨੂੰ ਪ੍ਰਮਾਤਮਾ ਨੇ ਸਮਰੱਥਾ ਬਖ਼ਸ਼ੀ ਹੈ, ਅਸੀਂ ਸੇਵਾ ਕਰ ਰਹੇ ਹਾਂ।
ਪਰ ਇਹ ਸਾਰਾ ਕੁਝ ਸਿਆਸਤ ਵਿੱਚ ਆਉਣ ਲਈ ਨਹੀਂ ਹੈ । ਹਾਲਾਂਕਿ ਸਿਆਸਤ ਵਿੱਚ ਆਉਣ ਦੀ ਮੇਰੇ 'ਤੇ ਕੋਈ ਪਾਬੰਦੀ ਨਹੀਂ ਹੈ। ਮੈਂ ਆਪਣੀ ਟੀਮ ਅਤੇ ਇਲਾਕੇ ਦੇ ਲੋਕਾਂ ਦੇ ਫ਼ੈਸਲੇ ਮੁਤਾਬਕ ਸਿਆਸਤ ਵਿੱਚ ਆ ਵੀ ਸਕਦਾ ਹਾਂ ਪਰ ਮੈਂ ਸੇਵਾ ਸਿਆਸਤ ਕਰਕੇ ਨਹੀਂ ਕਰ ਰਿਹਾ।
ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਲੱਛਮੀ ਦੇਵੀ ਨੇ ਕਿਹਾ " ਸ. ਬਰਜਿੰਦਰ ਸਿੰਘ ਹੁਸੈਨਪੁਰ ਸਾਡੇ ਲਈ ਕਿਸੇ ਫਰਿਸ਼ਤੇ ਤੋਂ ਘੱਟ ਨਹੀਂ ਹਨ।
ਅਸੀਂ ਸਾਰੇ ਆਪਣੇ ਬਾਰੇ ਤੇ ਆਪਣੇ ਤੋਂ ਵੀ ਵੱਧ ਬੱਚਿਆਂ ਬਾਰੇ ਚਿੰਤਤ ਸਾਂ, ਪਰ ਇਨ੍ਹਾਂ ਦੇ ਆਉਣ ਨਾਲ ਸਾਰਾ ਕੁਝ ਠੀਕ ਹੋ ਗਿਆ ਹੈ ਸਾਨੂੰ ਲੱਗਦਾ ਹੈ ਜਿਵੇਂ ਪ੍ਰਮਾਤਮਾ ਨੇ ਖ਼ੁਦ ਇਨ੍ਹਾਂ ਨੂੰ ਸਾਡੇ ਲਈ ਭੇਜਿਆ ਹੋਵੇ। ਉਹਨਾਂ ਕਿਹਾ ਇਕ ਵਾਰ ਤਾਂ ਸਕੂਲ ਬੰਦ ਹੋਣ ਦੀ ਤਾਦਾਤ ਤੇ ਆ ਗਿਆ ਸੀ, ਸਕੂਲ ਦੇ ਟੀਚਰਾਂ ਦੀਆ ਤਨਖਾਹਾਂ ਵੀ ਨਹੀਂ ਦਿੱਤੀਆਂ ਗਈਆਂ, ਹੁਣ ਕੁਝ ਆਸ ਜਾਗੀ ਹੈ।