ਸੰਗਰੂਰ: ਬੇਰੁਜ਼ਗਾਰ ਅਧਿਆਪਕਾਂ ਦਾ ਹਾਲ ਦੇਖ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਸਾਰੇ ਦਾਅਵੇ ਫਿੱਕੇ ਪੈਂਦੇ ਨਜ਼ਰ ਆ ਰਹੇ ਹਨ। ਅਧਿਆਪਕ ਇੰਨੇ ਕੁ ਜ਼ਿਆਦਾ ਮਜਬੂਰ ਹੋ ਗਏ ਹਨ ਕਿ ਉਨ੍ਹਾਂ ਨੂੰ ਸਕੂਲਾਂ 'ਚ ਬੱਚਿਆਂ ਨੂੰ ਪੜ੍ਹਾਉਣ ਦੀ ਬਜਾਏ ਸੜਕਾਂ 'ਤੇ ਉਤਰ ਕੇ ਆਪਣੇ ਹੱਕਾਂ ਲਈ ਧਰਨਾ ਲਗਾਉਣਾ ਪੈ ਰਿਹਾ ਹੈ। ਇਸ ਦੇ ਨਾਲ ਹੀ ਕੁਝ ਕੁ ਨੌਜਵਾਨ ਅਜਿਹੇ ਵੀ ਹਨ ਜੋ ਡਬਲ ਐਮਏ, ਬੀਐਡ ਤੇ ਟੈੱਟ ਪਾਸ ਕਰਨ ਤੋਂ ਬਾਅਦ ਵੀ ਬੇਰੁਜ਼ਗਾਰ ਹਨ।
ਅਜਿਹਾ ਹੀ ਹਾਲ ਦੇਖਣ ਨੂੰ ਮਿਲਿਆ ਹੈ ਸੰਗਰੂਰ ਦੇ ਰਹਿਣ ਵਾਲੇ ਜਸਵਿੰਦਰ ਸਿੰਘ ਦਾ, ਜਿਸ ਨੇ ਡਬਲ ਐਮਏ, ਬੀਐੱਡ, ਗਿਆਨੀ ਤੇ ਟੈੱਟ ਪਾਸ ਕੀਤਾ ਹੋਇਆ ਹੈ ਪਰ ਫਿਰ ਵੀ ਬੇਰੁਜ਼ਗਾਰੀ ਦੇ ਚੱਲਦਿਆਂ ਉਹ ਅਖ਼ਬਾਰ ਵੇਚਣ ਲਈ ਮਜਬੂਰ ਹੈ। ਦੱਸ ਦੇਈਏ ਕਿ ਜਸਵਿੰਦਰ ਸਵੇਰੇ 4 ਵਜ੍ਹੇ ਉੱਠ ਕੇ ਅਖ਼ਬਾਰ ਵੰਡਣ ਦਾ ਕੰਮ ਕਰਦਾ ਹੈ।
ਇਸ ਮੌਕੇ ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਕਰਦਿਆਂ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਕਈ ਡਿਗਰੀਆਂ ਹਾਸਲ ਕੀਤੀਆ ਹੋਈਆਂ ਹਨ ਪਰ ਇਸ ਦੇ ਬਾਵਜੂਦ ਉਸ ਨੂੰ ਨੌਕਰੀ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਯੋਗ ਨੌਜਵਾਨਾਂ ਨੂੰ ਨੌਕਰੀਆਂ ਮੁੱਹਈਆ ਕਰਾਵੇ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਪੜ੍ਹਾਈ ਦਾ ਮਨੋਬਲ ਖ਼ਤਮ ਨਾ ਹੋਵੇ।
ਇਸ ਦੇ ਨਾਲ ਹੀ ਪਿੰਡ ਵਾਸੀ ਨੇ ਕਿਹਾ ਕਿ ਜਸਵਿੰਦਰ ਸਾਜਰੇ ਉੱਠ ਇਲਾਕੇ ਵਿੱਚ ਅਖ਼ਬਾਰ ਵੰਡਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਅੱਜ ਦਾ ਨੌਜਵਾਨ ਇੰਨਾ ਪੜ੍ਹ ਲਿਖ ਕੇ ਵੀ ਬੇਰੁਜ਼ਗਾਰ ਹੈ ਤੇ ਅਖ਼ਬਾਰ ਵੰਡਣ ਲਈ ਮਜਬੂਰ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਯੋਗ ਅਧਿਆਪਕਾਂ ਨੂੰ ਨੌਕਰੀਆਂ ਦੇਣੀਆਂ ਚਾਹੀਦੀਆਂ ਹਨ।