ਸੰਗਰੂਰ: ਪਿਛਲੇ ਦੋ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਸਬਜ਼ੀਆਂ ਦੇ ਭਾਅ ਅਸਮਾਨੀ ਚੜ੍ਹ ਗਏ ਹਨ। ਆਮ ਲੋਕ ਇਸ ਤੋਂ ਤੌਬਾ ਕਰਦੇ ਹੋਏ ਨਜ਼ਰ ਆ ਰਹੇ ਹਨ। ਸਬਜ਼ੀਆਂ ਦੇ ਮੁੱਲ ਜਿਸ ਤਰ੍ਹਾਂ ਵਧ ਰਹੇ ਹਨ ਉਹ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੁੰਦੇ ਜਾ ਰਹੇ ਹਨ।
ਸਬਜ਼ੀਆਂ ਦੇ ਭਾਅ ਵਧਣ ਕਾਰਨ ਆਮ ਆਦਮੀ ਦੀ ਰਸੋਈ ਦਾ ਬਜਟ ਪੂਰੀ ਤਰ੍ਹਾਂ ਹਿੱਲ ਚੁੱਕਿਆ ਹੈ। ਪਿਆਜ਼ 80 ਤੋਂ 90 ਰੁਪਏ ਪ੍ਰਤੀ ਕਿੱਲੋ ਮਿਲ ਰਹੇ ਹਨ ਅਤੇ ਆਲੂ 20 ਰੁਪਏ ਕਿਲੋ ਵਿਕ ਰਿਹਾ ਹੈ।
ਜੇ ਮਟਰ ਅਤੇ ਟਮਾਟਰ ਦੀ ਗੱਲ ਕੀਤੀ ਜਾਵੇ ਤਾਂ 60 ਰੁਪਏ ਕਿੱਲੋ ਤੋਂ ਘੱਟ ਉਹ ਵੀ ਨਹੀਂ ਹੈ ਜੋ ਕਿ ਪਿਛਲੇ ਦਿਨੀਂ 30 ਤੋਂ 40 ਰੁਪਏ ਤੱਕ ਮਿਲ ਜਾਂਦਾ ਸੀ। ਗੱਲ ਕਰੀਏ ਗੋਭੀ ਦੀ ਤਾਂ 30 ਰੁਪਏ ਤੋਂ 40 ਰੁਪਏ ਤੱਕ ਗੋਭੀ ਮਿਲ ਰਹੀ ਜੋ ਕਿ ਪਹਿਲਾਂ 20 ਰੁਪਏ ਕਿੱਲੋ ਤੱਕ ਆਸਾਨੀ ਨਾਲ ਮਿਲ ਜਾਂਦੀ ਸੀ।
ਦੁਕਾਨਦਾਰਾਂ ਦਾ ਕਹਿਣਾ ਹੈ ਕਿ ਮੀਂਹ ਕਾਰਨ ਸਬਜ਼ੀ ਦਾ ਮੁੱਲ ਵਧਿਆ ਹੈ ਪਰ ਪਿਆਜ਼ ਨੇ ਇਸ ਤੋਂ ਵੀ ਜ਼ਿਆਦਾ ਹੱਦ ਕੀਤੀ ਹੋਈ ਹੈ ਜਿਸ ਕਾਰਨ ਰਸੋਈ ਦਾ ਬਜਟ ਹਿੱਲ ਗਿਆ ਹੈ।