ਸੰਗਰੂਰ: ਸੂਬੇ ਭਰ 'ਚ ਕੋਰੋਨਾ ਮਹਾਂਮਾਰੀ ਦੇ ਕਹਿਰ ਦੇ ਬਾਵਜੂਦ ਕਈ ਜੱਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਜਾਰੀ ਹੈ। ਇਸੇ ਕੜੀ ਤਹਿਤ ਪੀ.ਟੀ.ਆਈ. ਦੇ ਅਧਿਆਪਕਾਂ ਨੇ ਸੰਗਰੂਰ ਵਿੱਚ ਪਾਣੀ ਵਾਲੀ ਟੈਂਕੀ ‘ਤੇ ਚੜ੍ਹ ਕੇ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ।
ਉਨ੍ਹਾਂ ਕਿਹਾ ਕਿ ਸਾਲ 2011 'ਚ ਸਰਕਾਰ ਨੇ ਨੌਕਰੀ ਦੇਣ ਲਈ ਇਸ਼ਤਿਹਾਰ ਜਾਰੀ ਕੀਤਾ ਸੀ ਪਰ ਹੁਣ ਸਾਲ 2020 ਵੀ ਪੂਰਾ ਹੋਣ ਵਾਲਾ ਹੈ ਪਰ ਉਨ੍ਹਾਂ ਨੂੰ ਨੌਕਰੀ ਨਹੀਂ ਮਿਲੀ। ਉਨ੍ਹਾਂ ਦਾ ਕਹਿਣਾ ਸੀ ਕਿ ਸਾਲ 2011 ਤੋਂ ਹੁਣ ਤੱਕ ਦੋ ਸਰਕਾਰਾਂ ਅਤੇ ਸੱਤ ਸਿੱਖਿਆ ਮੰਤਰੀ ਬਦਲ ਚੁੱਕੇ ਹਨ ਪਰ ਕਿਸੇ ਨੇ ਪੀ.ਟੀ.ਆਈ. ਅਧਿਆਪਕਾਂ ਦੀ ਸਾਰ ਨਹੀਂ ਲਈ।
ਅਧਿਆਪਕਾਂ ਦਾ ਕਹਿਣਾ ਸੀ ਕਿ ਸਰਕਾਰ ਨੇ ਉਨ੍ਹਾਂ ਨਾਲ ਇੱਕ ਮਜਾਕ ਕੀਤਾ ਹੈ ਜਿਸ ਲਈ ਉਨ੍ਹਾਂ ਨੂੰ ਸੜਕਾਂ 'ਤੇ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹੋਣਾ ਪਿਆ ਹੈ। ਉਨ੍ਹਾਂ ਦੱਸਿਆ ਕਿ ਸੰਗਰੂਰ ਸਿਵਲ ਪ੍ਰਸ਼ਾਸਨ ਨੂੰ ਮੀਟਿੰਗ ਕਰਵਾਉਣ ਲਈ ਇੱਕ ਪੱਤਰ ਜਾਰੀ ਕੀਤਾ ਸੀ ਪਰ ਉਹ ਉਸ ਪੱਤਰ ਤੋਂ ਵੀ ਮੁੱਕਰ ਗਏ ਅਤੇ ਮਜਬੂਰਨ ਉਨ੍ਹਾਂ ਨੂੰ ਸਰਕਾਰ ਖ਼ਿਲਾਫ ਪ੍ਰਦਰਸ਼ਨ ਲਈ ਟੈਂਕੀ 'ਤੇ ਚੜ੍ਹਨਾ ਪਿਆ।