ਦਿੜਬਾ/ਸੰਗਰੂਰ: ਚੋਰੀ ਵਰਗੀਆਂ ਘਟਨਾਵਾਂ ਹਰ ਰੋਜ਼ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਦੂਜੇ ਪਾਸੇ ਅਜਿਹਾ ਹੀ ਇੱਕ ਮਾਮਲਾ ਦਿੜਬਾ ਦੇ ਪਿੰਡ ਰੋਗਲਾ ਵਿੱਚ ਦੇਖਣ ਨੂੰ ਮਿਲਿਆ। ਦੇਰ ਰਾਤ ਕੁਝ ਵਿਅਕਤੀਆਂ ਵੱਲੋਂ ਉਨ੍ਹਾਂ ਦੇ ਖੇਤਾਂ ਵਿੱਚੋਂ ਬਿਜਲੀ ਦੀਆਂ ਤਾਰਾਂ ਚੋਰੀ ਕਰਕੇ ਕਿਸਾਨਾਂ ਦਾ ਭਾਰੀ ਨੁਕਸਾਨ ਕੀਤਾ ਗਿਆ। ਦੀਆਂ ਤਾਰਾਂ ਚੋਰੀ ਕਰ ਲਈਆਂ। ਜਦੋਂ ਉਹ ਭੱਜਣ ਲੱਗੇ ਤਾਂ ਦਿੜਬਾ ਦੇ ਕੈਂਪਰ ਰੋਡ ਨੇੜੇ ਪ੍ਰਗਟ ਸਿੰਘ ਨਾਂ ਦੇ ਨੌਜਵਾਨ ਨੇ ਉਨ੍ਹਾਂ ਨੂੰ ਦੇਖ ਕੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਦੋ ਵਿਅਕਤੀਆਂ ਨੂੰ ਫੜਨ ਵਿੱਚ ਕਾਮਯਾਬ ਹੋ ਗਏ, ਜਦਕਿ ਦੋ ਭੱਜਣ ਵਿੱਚ ਕਾਮਯਾਬ ਹੋ ਗਏ।
ਪਿੱਛਾ ਕਰਕੇ ਫੜ੍ਹੇ ਚੋਰ: ਪ੍ਰਗਟ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ ਮੈਂ ਆਪਣੇ ਖੇਤ ਤੋਂ ਵਾਪਿਸ ਆ ਰਿਹਾ ਸੀ, ਤਾਂ ਰਸਤੇ ਵਿੱਚ ਇਹ ਲੋਕ ਮੋਟਰਸਾਈਕਲ 'ਤੇ ਪਲਾਸਟਿਕ ਦਾ ਵੱਡਾ ਥੈਲਾ ਲੈ ਕੇ ਜਾ ਰਹੇ ਸਨ। ਉਸ ਨੇ ਅੱਗੇ ਦੱਸਿਆ ਕਿ ਮੈਂ ਇਨ੍ਹਾਂ ਦਾ ਪਿੱਛਾ ਕੀਤਾ ਅਤੇ 2 ਜਣਿਆ ਨੂੰ ਕਾਬੂ ਕਰ ਲਿਆ। ਕੁੱਲ 4 ਜਣੇ ਸੀ, ਦੋ ਜਣੇ ਮੋਟਰ ਸਾਈਕਲ ਉੱਤੇ ਫ਼ਰਾਰ ਹੋ ਗਏ। ਬਾਕੀ ਦੋ ਮੋਟਰਸਾਈਕਲ ਸਣੇ ਕਾਬੂ ਕਰ ਲਿਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ ਗਈ।
ਪਿੰਡ ਵਾਸੀ ਹੋਏ ਦੁਖੀ: ਪਿੰਡ ਦੇ ਲੋਕਾਂ ਨੇ ਦੱਸਿਆ ਕਿ ਦੇਰ ਰਾਤ ਦਰਜਨਾਂ ਖੇਤਾਂ 'ਚੋਂ ਮੋਟਰ ਦੀਆਂ ਤਾਰਾਂ ਚੋਰੀ ਹੋ ਗਈਆਂ ਹਨ। ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਹਰ ਰੋਜ਼ ਹਜ਼ਾਰਾਂ ਰੁਪਏ ਦੀਆਂ ਤਾਰਾਂ ਖੇਤਾਂ 'ਚੋਂ ਚੋਰੀ ਹੋ ਰਹੀ ਹੈ ਅਤੇ ਚੋਰੀ ਕਰਨ ਵਾਲੇ ਵਿਅਕਤੀਆਂ ਖਿਲਾਫ ਕਾਰਵਾਈ ਕੀਤੀ ਜਾਵੇ।
ਚੋਰ ਨੇ ਕੀ ਕਿਹਾ: ਦੂਜੇ ਪਾਸੇ ਜਦੋਂ ਚੋਰੀ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਨਾਲ ਗੱਲ ਕੀਤੀ ਤਾਂ ਉਸ ਨੇ ਆਪਣਾ ਨਾਂ ਕਾਲੀ ਦੱਸਦਿਆਂ ਕਿਹਾ ਕਿ ਅਸੀਂ ਸੁਨਾਮ ਦੇ ਵਾਸੀ ਹਾਂ। ਸਾਡੇ ਨਾਲ ਦੋ ਹੋਰ ਵਿਅਕਤੀ ਵੀ ਸਨ, ਜੋ ਭੱਜ ਗਏ। ਉਸ ਨੇ ਕਿਹਾ ਕਿ ਅਸੀਂ ਗਲਤੀ ਕੀਤੀ ਹੈ ਅਤੇ ਭਵਿੱਖ ਵਿੱਚ ਅਜਿਹਾ ਨਹੀਂ ਕਰਾਂਗੇ।
ਪੁਲਿਸ ਵੀ ਮੌਕੇ 'ਤੇ ਪਹੁੰਚ ਗਈ ਅਤੇ ਦੋਨਾਂ ਨੂੰ ਕਾਬੂ ਕਰ ਕੇ ਨਾਲ ਲੈ ਗਈ। ਥਾਣਾ ਕੌਹਰੀਆਂ ਤੋਂ ਪਹੁੰਚੇ ਐਸ.ਐਚ.ਓ ਰਾਜਵਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕਿਸਾਨਾਂ ਦੇ ਖੇਤਾਂ 'ਚੋਂ ਬਿਜਲੀ ਦੀਆਂ ਤਾਰਾਂ ਚੋਰੀ ਕਰਨ ਵਾਲੇ ਕੁਝ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਅਸੀਂ ਉਕਤ ਦੋ ਵਿਅਕਤੀਆਂ ਸਮੇਤ ਚੋਰੀ ਕੀਤੀਆਂ ਤਾਰਾਂ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ ਅਤੇ ਉਕਤ ਵਿਅਕਤੀਆਂ ਖਿਲਾਫ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।