ਲਹਿਰਾਗਾਗਾ: ਸ਼ਹਿਰ ਵਿੱਚ ਉਸ ਸਮੇਂ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ ਜਦੋਂ ਪੁਟਾਸ਼ ਕੁੱਟਦਿਆਂ ਹੋਏ ਧਮਾਕੇ 'ਚ ਦੋ ਬੱਚੇ ਮਸਾਂ ਹੀ ਬਚੇ। ਸ਼ਹਿਰ ਅਤੇ ਗੁਆਂਢੀ ਸੂਬੇ ਹਰਿਆਣਾ ਦੇ ਜਾਖਲ ਸ਼ਹਿਰ ਵਿੱਚੋਂ ਗੈਰ ਕਾਨੂੰਨੀ ਤੌਰ 'ਤੇ ਵਿਕ ਰਹੀ ਗੰਧਕ ਅਤੇ ਪੋਟਾਸ਼ ਨੂੰ ਕੁੰਡੇ 'ਚ ਕੁਟਦੇ ਸਮੇਂ ਦੋ ਨਾਬਾਲਗ ਬੱਚੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਲਹਿਰਾਗਾਗਾ ਦੇ ਸਰਕਾਰੀ ਹਸਪਤਾਲ ਵਿਖੇ ਲਿਆਂਦਾ ਗਿਆ ਅਤੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਰੈਫਰ ਕਰ ਦਿੱਤਾ ਗਿਆ।
ਜ਼ਖਮੀ ਬੱਚਿਆਂ ਦੀ ਦਾਦੀ ਨੇ ਦੱਸਿਆ ਕਿ ਬੱਚੇ ਪਤਾ ਨਹੀਂ ਕਿੱਥੋਂ ਪੋਟਾਸ਼ ਲੈ ਕੇ ਆਏ ਸਨ। ਉਨ੍ਹਾਂ ਨੇ ਦੱਸਿਆ ਕਿ ਬੱਚੇ ਦਿਵਾਲੀ ਮੌਕੇ ਪਟਾਕੇ ਚਲਾਉਣ ਲਈ ਇਸ ਪੋਟਾਸ਼ ਨੂੰ ਕੁੱਟ ਰਹੇ ਸਨ ਕਿ ਇੱਕ ਧਮਾਕਾ ਹੋ ਗਿਆ। ਇਸ ਵਿੱਚ ਦੋਵੇਂ ਬੱਚੇ ਝੁਲਸ ਗਏ ਅਤੇ ਜ਼ਖਮੀ ਹੋ ਗਏ।
ਹਸਪਤਾਲ ਵਿਖੇ ਗੰਭੀਰ ਜ਼ਖਮੀ ਬੱਚਿਆਂ ਦਾ ਇਲਾਜ ਕਰ ਰਹੇ ਡਾਕਟਰ ਲੁਕੇਸ਼ ਕੁਮਾਰ ਨੇ ਦੱਸਿਆ ਕਿ ਦੋ ਨਾਬਾਲਗ ਬੱਚੇ ਲਾਲੀ ਸਿੰਘ ਪੁੱਤਰ ਦਿਲਬਾਗ ਸਿੰਘ ਅਤੇ ਹੀਰਾ ਸਿੰਘ ਪੁੱਤਰ ਬਲਦੇਵ ਸਿੰਘ ਵਾਰਡ ਨੰਬਰ 13 ਜਿਨ੍ਹਾਂ ਦੇ ਚਿਹਰੇ, ਬਾਹਵਾਂ ,ਲੱਤਾਂ , ਬੁੱਲ੍ਹ ਤੇ ਅੱਖਾਂ ਝੁਲਸ ਗਏ ਸਨ। ਉਨ੍ਹਾਂ ਨੇ ਦੱਸਿਆ ਕਿ ਬੱਚਿਆਂ ਨੂੰ ਮੁੱਢਲੀ ਸਹਾਇਤਾ ਦੇ ਕੇ ਰੈਫਰ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਦੋਵੇਂ ਬੱਚਿਆਂ ਦੀ ਹਾਲਤ ਸਥਿਰ ਹੈ।
ਇਸ ਤਰ੍ਹਾਂ ਖੁੱਲ੍ਹੇ ਆਮ ਬੱਚਿਆਂ ਨੂੰ ਪੋਟਾਸ਼ ਅਤੇ ਗੰਧਕ ਵਰਗੇ ਖ਼ਤਰਨਾਕ ਰਸਾਇਣ ਵੇਚਣ ਦਾ ਰੁਝਾਣ ਬਹੁਤ ਹੀ ਖ਼ਤਰਨਾਕ ਹੈ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਸਮਾਂ ਰਹਿੰਦਿਆਂ ਇਸ ਤਰ੍ਹਾਂ ਦੀਆਂ ਗੈਰ ਕਾਨੂੰਨੀ ਕਾਰਵਾਈਆਂ 'ਤੇ ਤੁਰੰਤ ਨੱਥ ਕੱਸੀ ਜਾਵੇ ਤਾਂ ਜੋ ਕਿਸੇ ਕਿਸਮ ਦੇ ਵੱਡੇ ਹਾਦਸੇ ਤੋਂ ਬਚਾਅ ਹੋ ਜਾਵੇ।