ਸੰਗਰੂਰ: ਜ਼ਿਲ੍ਹੇ ਵਿੱਚ ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਤੇ ਈਟੀਟੀ ਅਧਿਆਪਕਾਂ ਦਾ ਲੰਬੇ ਸਮੇਂ ਤੋਂ ਪ੍ਰਦਰਸ਼ਨ ਚੱਲ ਰਿਹਾ ਹੈ ਜਿਸ ਵਿੱਚ ਆਪਣੀ ਨੌਕਰੀ ਦੀ ਮੰਗ ਨੂੰ ਲੈ ਕੇ ਐਤਵਾਰ ਨੂੰ ਮੁੜ ਤੋਂ ਡੀਸੀ ਦਫ਼ਤਰ ਸੰਗਰੂਰ ਤੋਂ ਸਿੱਖਿਆ ਮੰਤਰੀ ਦੀ ਕੋਠੀ ਤੱਕ ਰੋਸ ਮਾਰਚ ਕੱਢਿਆ ਗਿਆ। ਪ੍ਰਦਰਸ਼ਨਕਾਰੀ ਜਦੋਂ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਪਹੁੰਚ ਕੇ ਪ੍ਰਦਰਸ਼ਨ ਕਰਨ ਲੱਗੇ ਤਾਂ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਲਈ ਲਾਠੀਚਾਰਜ ਕੀਤਾ।
ਇੰਨਾ ਹੀ ਨਹੀਂ ਪੁਲਿਸ ਨੇ ਉਨ੍ਹਾਂ ਉੱਤੇ ਪਾਣੀ ਦੀ ਬੁਛਾਰਾਂ ਵੀ ਕੀਤੀਆਂ ਅਤੇ ਅੱਥਰੂ ਗੈਸ ਦੇ ਗੋਲੇ ਵੀ ਸੁੱਟੇ। ਇਸ ਵਿੱਚ ਕੁੱਝ ਪ੍ਰਦਰਸ਼ਨਕਾਰੀ ਅਧਿਆਪਕਾਂ ਨੂੰ ਸੱਟਾਂ ਵੀ ਲੱਗੀਆਂ ਹਨ।
ਬੇਰੁਜ਼ਗਾਰ ਅਧਿਆਪਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਪੱਕੀ ਨੌਕਰੀ ਦੇ ਵਾਅਦੇ ਤੇ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ ਜਾ ਰਿਹਾ। ਦੂਜੇ ਪਾਸੇ ਜੋ ਨਵੀਂ ਭਰਤੀ ਵਿੱਚ ਗ੍ਰੈਜੂਏਸ਼ਨ ਦੀ ਸ਼ਰਤ ਸਰਕਾਰ ਵੱਲੋਂ ਰੱਖੀ ਗਈ ਹੈ ਉਸ ਨੂੰ ਹਟਾਉਣ ਲਈ ਵੀ ਕਈ ਬੈਠਕਾਂ ਸਿੱਖਿਆ ਮੰਤਰੀ ਨਾਲ ਉਹ ਕਰ ਚੁੱਕੇ ਹਨ। ਇਨ੍ਹਾਂ ਬੈਠਕਾਂ ਦਾ ਵੀ ਕੋਈ ਸਿੱਟਾ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ।
ਦੱਸ ਦਈਏ ਕਿ ਕੁਝ ਦਿਨ ਪਹਿਲਾਂ ਬੈਠਕ ਵਿੱਚ ਹੀ ਇਨ੍ਹਾਂ ਅਧਿਆਪਕਾਂ ਵੱਲੋਂ ਕਿਹਾ ਗਿਆ ਸੀ ਕਿ ਅੱਜ ਦੇ ਦਿਨ ਪ੍ਰਦਰਸ਼ਨ ਕੀਤਾ ਜਾਵੇਗਾ ਜੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ। ਜ਼ਖਮੀ ਹੋਏ ਅਧਿਆਪਕਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਜ਼ਖਮੀ ਸਾਥੀਆਂ ਨੂੰ ਹਸਪਤਾਲ ਵੀ ਨਹੀਂ ਲਿਜਾਇਆ ਜਾ ਰਿਹਾ।
ਉੱਥੇ ਹੀ ਮੌਜੂਦ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲਾਠੀਚਾਰਜ ਇਸ ਲਈ ਕੀਤਾ ਗਿਆ ਹੈ ਕਿਉਂਕਿ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਨਾਲ ਵੀ ਖਿੱਚੋਤਾਣ ਕੀਤੀ ਜਿਸ ਤੋਂ ਬਾਅਦ ਹਲਾਤ ਨੂੰ ਸੰਭਾਲਣ ਲਈ ਲਾਠੀਚਾਰਜ ਕੀਤਾ। ਉਨ੍ਹਾਂ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਦੀ ਵਰਦੀ ਨੂੰ ਵੀ ਹੱਥ ਪਾਇਆ ਹੈ।