ਬਰਨਾਲਾ: ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਜਿੱਤ ਗਏ ਹਨ। ਉਨ੍ਹਾਂ ਦੀ ਜਿੱਤ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ਅਤੇ ਪਾਰਟੀ ਵਿੱਚ ਭਾਰੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਪਾਰਟੀ ਆਗੂਆਂ ਅਤੇ ਸਮਰਥਕਾਂ ਵੱਲੋਂ ਸੜਕਾਂ ਤੇ ਆਕੇ ਜਸ਼ਨ ਮਨਾਏ ਜਾ ਰਹੇ ਹਨ। ਇਸ ਦੌਰਾਨ ਇੱਕ ਵੀਡੀਓ ਸਾਹਮਣੇ ਆਈ ਹੈ ਜਿੱਥੇ ਪਾਰਟੀ ਸਮਰਥਕਾਂ ਵੱਲੋਂ ਆਮ ਆਦਮੀ ਪਾਰਟੀ ਦਾ ਚੋਣ ਨਿਸ਼ਾਨ ਝਾੜੂ ਨੂੰ ਟਰੈਕਟਰ ਪਿੱਛੇ ਪਾਇਆ ਗਿਆ ਹੈ ਅਤੇ ਸਿਮਰਨਜੀਤ ਮਾਨ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ ਗਈ ਹੈ। ਇਹ ਵੀਡੀਓ ਬਰਨਾਲਾ ਦੀ ਦੱਸੀ ਜਾ ਰਹੀ ਹੈ ਜਿੱਥੇ ਨੌਜਾਵਨਾਂ ਨੇ ਟਰੈਕਟਰ ਪਿੱਛੇ ਝਾੜੂ ਘੜੀਸ ਕੇ ਜਿੱਤ ਦਾ ਜਸ਼ਨ ਮਨਾਇਆ।
ਇਸ ਮੌਕੇ ਪਾਰਟੀ ਆਗੂਆਂ ਅਤੇ ਸਮਰਥਕਾਂ ਨੇ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਇੱਕ ਸੱਚ ਦੀ ਜਿੱਤ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਸਿਮਰਨਜੀਤ ਮਾਨ ਹਰ ਵਰਗ ਦੇ ਲੋਕਾਂ ਦੀ ਆਵਾਜ਼ ਨੂੰ ਪਾਰਲੀਮੈਂਟ ਵਿੱਚ ਬੁਲੰਦ ਕਰਨਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਉਨ੍ਹਾਂ ਕਿ ਆਪ ਸਰਕਾਰ ਪੰਜਾਬ ਦੇ ਲੋਕਾਂ ਨਾਲ ਕੀਤਾ ਇੱਕ ਵੀ ਵਾਅਦਾ ਪੂਰਾ ਨਹੀਂ ਕਰ ਸਕੀ ਹੈ ਜਿਸ ਕਾਰਨ ਆਮ ਆਦਮੀ ਪਾਰਟੀ ਇਹ ਚੋਣ ਹਾਰ ਗਈ ਹੈ।
ਮਾਨ ਦੀ ਵੱਡੀ ਲੀਡ ਨਾਲ ਜਿੱਤ: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ ਪੰਜਾਬ ਦੀ ਸੰਗਰੂਰ ਲੋਕ ਸਭਾ ਸੀਟ ਤੋਂ ਜਿੱਤ ਗਏ ਹਨ। ਉਨ੍ਹਾਂ ਨੂੰ 2,52,898 ਵੋਟਾਂ ਮਿਲੀਆਂ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਸਰਪੰਚ ਗੁਰਮੇਲ ਸਿੰਘ ਨੂੰ 5822 ਵੋਟਾਂ ਨਾਲ ਹਰਾਇਆ। ਗੁਰਮੇਲ ਨੂੰ 2,46,828 ਵੋਟਾਂ ਮਿਲੀਆਂ। ਚੋਣ ਕਮਿਸ਼ਨ ਨੇ ਮਾਨ ਦੀ ਜਿੱਤ ਦਾ ਰਸਮੀ ਐਲਾਨ ਕਰ ਦਿੱਤਾ ਹੈ।
ਤੀਜੇ ਨੰਬਰ 'ਤੇ ਕਾਂਗਰਸ ਦੇ ਦਲਵੀਰ ਗੋਲਡੀ ਹਨ, ਜਿੰਨ੍ਹਾਂ ਨੂੰ 79,526 ਵੋਟਾਂ ਮਿਲੀਆਂ ਹਨ। ਇਸ ਦੇ ਨਾਲ ਹੀ ਭਾਜਪਾ ਦੇ ਕੇਵਲ ਢਿੱਲੋਂ ਚੌਥੇ ਨੰਬਰ 'ਤੇ ਰਹੇ ਜਿੰਨ੍ਹਾਂ ਨੂੰ 66,171 ਵੋਟਾਂ ਮਿਲੀਆਂ ਹਨ। ਪੰਜਵੇਂ ਨੰਬਰ 'ਤੇ ਅਕਾਲੀ ਦਲ ਦੀ ਕਮਲਦੀਪ ਕੌਰ ਰਾਜੋਆਣਾ ਰਹੀ ਹੈ। ਉਨ੍ਹਾਂ ਨੂੰ 44,323 ਵੋਟਾਂ ਮਿਲੀਆਂ ਹਨ।
31 ਸਾਲਾਂ ਬਾਅਦ ਸਭ ਤੋਂ ਘੱਟ ਵੋਟਿੰਗ, 'ਆਪ' ਨੂੰ ਨੁਕਸਾਨ: ਸੰਗਰੂਰ ਸੀਟ 'ਤੇ 31 ਸਾਲਾਂ ਬਾਅਦ ਸਭ ਤੋਂ ਘੱਟ 45.50% ਵੋਟਿੰਗ ਦਰਜ ਕੀਤੀ ਗਈ ਹੈ। ਇਸ ਤੋਂ ਪਹਿਲਾਂ 1991 ਵਿੱਚ 10.9% ਵੋਟਿੰਗ ਹੋਈ ਸੀ। ਇਸ ਨੂੰ ਲੈ ਕੇ ਆਗੂਆਂ ਦੀ ਚਿੰਤਾ ਵਧ ਗਈ ਹੈ। ਖਾਸ ਕਰਕੇ ਜਦੋਂ ਭਗਵੰਤ ਮਾਨ ਇੱਥੋਂ ਲਗਾਤਾਰ 2 ਵਾਰ ਚੋਣ ਜਿੱਤੇ। 2014 ਵਿੱਚ 77.21% ਅਤੇ 2019 ਵਿੱਚ 72.40% ਵੋਟਿੰਗ ਹੋਈ। ਇਸ ਵਾਰ ਘੱਟ ਵੋਟਿੰਗ ਤੋਂ ਸਾਫ਼ ਹੈ ਕਿ ਸਰਕਾਰ ਚਲਾ ਰਹੀ ਆਮ ਆਦਮੀ ਪਾਰਟੀ ਨੂੰ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ: ਜਿੱਤ ਤੋਂ ਬਾਅਦ ਸਿਮਰਨਜੀਤ ਮਾਨ ਦਾ ਵਿਰੋਧੀਆਂ ’ਤੇ ਹਮਲਾ, ਸੁਣੋ ਲੋਕਸਭਾ 'ਚ ਕਿਹੜੇ ਮੁੱਦੇ ਚੁੱਕਣਗੇ ਮਾਨ ?