ਸੁਨਾਮ: ਮੋਦੀ ਸਰਕਾਰ ਵੱਲੋਂ ਪਾਸ ਕੀਤੇ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਰੋਸ ਧਰਨੇ ਜਾਰੀ ਹਨ, ਇਸੇ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਰੇਲਵੇ ਸਟੇਸ਼ਨ ਸੁਨਾਮ ਵਿਖੇ ਅੱਜ ਚੌਥੇ ਦਿਨ ਵੀ ਧਰਨਾ ਜਾਰੀ ਰਿਹਾ।
ਇਸ ਮੌਕੇ ਮੁਸਲਿਮ ਭਾਈਚਾਰੇ ਵੱਲੋਂ ਭਾਈਚਾਰਕ ਸਾਂਝ ਦੀ ਮਿਸਾਲ ਦੇਖਣ ਨੂੰ ਮਿਲੀ। ਜਦੋਂ ਮਲੇਰਕੋਟਲਾ ਤੋਂ ਸਿੱਖ-ਮੁਸਲਿਮ ਸਾਂਝਾ ਫ਼ਰੰਟ ਵੱਲੋਂ ਸਰਪ੍ਰਸਤ ਨਾਸਿਰ ਅਖ਼ਤਰ ਦੀ ਅਗਵਾਈ ਵਿੱਚ ਕਿਸਾਨ ਭਰਾਵਾਂ ਲਈ ਲੰਗਰ ਦੀ ਸੇਵਾ ਕੀਤੀ ਗਈ। ਇਸ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਭਾਗ ਲਿਆ, ਜਿਨ੍ਹਾਂ ਵਿੱਚ ਬਜ਼ੁਰਗ ਨੌਜਵਾਨ ਅਤੇ ਬਸੰਤੀ ਰੰਗ ਦੇ ਦੁਪੱਟੇ ਨਾਲ ਔਰਤਾਂ ਹਾਜ਼ਰ ਸਨ।
ਨਾਸਿਰ ਅਖਤਰ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨਾਂ ਦੇ ਸੰਘਰਸ਼ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣ ਦਾ ਐਲਾਨ ਕੀਤਾ। ਅਖ਼ਤਰ ਨੇ ਕਿਹਾ ਕਿ ਇਨਸਾਨੀਅਤ ਦਾ ਫਰਜ਼ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨ ਵਿਰੋਧੀ ਬਿੱਲ ਪਾਸ ਕਰਕੇ ਮੋਦੀ ਸਰਕਾਰ ਨੇ ਵੱਡੇ ਘਰਾਣਿਆਂ ਨੂੰ ਕਿਸਾਨਾਂ ਅਤੇ ਸਾਰੇ ਵਰਕਰਾਂ ਦੀ ਲੁੱਟ ਕਰਨ ਦੀ ਛੋਟ ਦੇ ਦਿੱਤੀ ਹੈ ਅਤੇ ਇਸ ਕਿਸਾਨ ਸੰਘਰਸ਼ ਵਿੱਚ ਉਹ ਨਾਲ ਹਨ।