ਸੰਗਰੂਰ: ਪੰਜਾਬ ਸਰਕਾਰ ਵੱਲੋਂ 162 ਕਰੋੜ ਰੁਪਏ ਦੇ ਪੈਨਸ਼ਨ ਘੁਟਾਲੇ ਦੇ ਵਿੱਚ ਸੰਗਰੂਰ ਜ਼ਿਲ੍ਹੇ ਦਾ ਵੀ ਨਾਂਅ ਆਇਆ ਹੈ ਜਿਸ ਵਿੱਚ ਪੂਰੇ ਪੰਜਾਬ ਦੇ ਵਿੱਚੋਂ ਸਭ ਤੋਂ ਵੱਧ 12573 ਲੋਕਾਂ ਨੇ ਜਾਅਲੀ ਦਸਤਾਵੇਜ਼ਾਂ ਰਾਹੀਂ ਪੈਨਸ਼ਨ ਲਈ ਹੈ ਜਿਸ ਦੀ ਰਕਮ 26 ਕਰੋੜ 63 ਲੱਖ 47 ਹਜ਼ਾਰ 950 ਰੁਪਏ ਬਣਦੀ ਹੈ।
ਕਦੇ ਕਣਕ ਦਾ ਝਾੜ, ਕਦੇ ਖੇਡਾਂ ਵਿੱਚ ਤਮਗ਼ਾ ਹਾਸਲ ਕਰਨ ਵਾਲੇ ਮਾਲਵਾ ਦੇ ਸੰਗਰੂਰ ਜ਼ਿਲ੍ਹੇ ਨੂੰ ਵੀ 12573 ਕਰੋੜ ਦੀ ਧੋਖਾਧੜੀ ਤਹਿਤ ਪੰਜਾਬ ਸਰਕਾਰ ਵੱਲੋਂ 162 ਕਰੋੜ ਰੁਪਏ ਦੇ ਪੁਰਾਣੇ ਪੈਨਸ਼ਨ ਘੁਟਾਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ।
ਕੈਪਟਨ ਸਰਕਾਰ ਦੇ ਇਸ ਫ਼ੈਸਲੇ ਨਾਲ ਵਿਰੋਧੀਆਂ ਦੇ ਹਮਲੇ ਤੇਜ਼ ਹੋ ਗਏ ਹਨ। ਇਸ ਬਾਬਤ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਕਿਹਾ ਕਿ ਪਹਿਲਾਂ ਅਕਾਲੀ ਸਰਕਾਰ ਸਾਰੀਆਂ ਸਕੀਮਾਂ ਦਾ ਸਿਆਸੀਕਰਨ ਕਰਦੀ ਸੀ ਹੁਣ ਕਾਂਗਰਸ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਜਿਨ੍ਹਾਂ ਅਧਿਕਾਰੀਆਂ ਨੇ ਗ਼ਲਤ ਪੈਨਸ਼ਨ ਲਾਈ ਸੀ, ਪਹਿਲਾਂ ਉਨ੍ਹਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ।
ਇਸ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਣਦੀਪ ਸਿੰਘ ਦਿਓਲ ਨੇ ਜ਼ਿਕਰ ਕਰਦਿਆਂ ਕਿਹਾ ਕਿ ਹਰ ਵਾਰ ਇਸ ਦੀ ਗਾਜ ਆਮ ਲੋਕਾਂ ਤੇ ਹੀ ਕਿਓਂ ਡਿੱਗਦੀ ਹੈ। ਉਨ੍ਹਾਂ ਕਿਹਾ ਜਿਸ ਵਿਭਾਗ ਨੇ ਪੈਨਸ਼ਨਾਂ ਲਾਈਆਂ ਸੀ ਅੱਜ ਓਹੀ ਵਿਭਾਗ ਇਨ੍ਹਾਂ ਨੂੰ ਗ਼ਲਤ ਦੱਸ ਰਿਹਾ ਹੈ, ਪੰਜਾਬ ਸਰਕਾਰ ਉਸ ਵਿਭਾਗ ਦੀ ਕਾਰਵਾਈ ਪਹਿਲਾਂ ਕਿਓਂ ਨਹੀਂ ਕਰਵਾਉਂਦੀ।
ਇਸ ਬਾਬਤ ਜਦੋਂ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ ਨਾਲ ਰਾਬਤਾ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸੰਗਰੂਰ ਜ਼ਿਲ੍ਹੇ ਵਿੱਚ ਜਿਹੜੇ ਅਯੋਗ ਪਾਏ ਗਏ ਹਨ ਉਨ੍ਹਾਂ ਤੋਂ ਰਿਕਵਰੀ ਕੀਤੀ ਜਾਵੇਗੀ ਅਤੇ ਜੋ ਵੀ ਸਰਕਾਰ ਦੀਆਂ ਹਿਦਾਇਤਾਂ ਹੋਣਗੀਆਂ ਉਸ ਅਨੁਸਾਰ ਹੀ ਕਾਰਵਾਈ ਕੀਤੀ ਜਾਵੇਗੀ।