ਲਹਿਰਾਗਾਗਾ: ਮੀਹਾਂ ਦਾ ਮੌਸਮ ਨਜਦੀਕ ਆ ਰਿਹਾ ਹੈ, ਪਰੰਤੂ ਸਰਕਾਰ ਵੱਲੋਂ ਮੂਨਕ ਅਤੇ ਇਸ ਦੇ ਨੇੜਲੇ ਪਿੰਡਾਂ ਨਾਲ ਲੱਗਦੇ ਘੱਗਰ ਦਰਿਆ ਦੇ ਬੰਨ੍ਹਾਂ ਅਤੇ ਇਸ ਦੀ ਸਾਫ਼-ਸਫ਼ਾਈ ਦਾ ਕੋਈ ਕੰਮ ਸਰਕਾਰ ਵੱਲੋਂ ਨਹੀਂ ਕੀਤਾ ਜਾ ਰਿਹਾ।
ਇਸੇ ਨੂੰ ਲੈ ਕੇ ਵਿਧਾਇਕ ਪਰਮਿੰਦਰ ਸਿੰਘ ਢੀਡਸਾ ਵੱਲੋਂ ਮੂਨਕ, ਮਕੌਰੜ ਸਾਹਿਬ ਅਤੇ ਝੱਗੋਚੋਧ ਹੈੱਡ ਦੇ ਵੱਖ-ਵੱਖ ਸਥਾਨਾਂ ਉੱਤੇ ਮੀਟਿੰਗਾਂ ਕੀਤੀਆਂ ਗਈਆਂ। ਇਸ ਦੌਰਾਨ ਸਥਾਨਕ ਕਿਸਾਨਾਂ ਅਤੇ ਲੋਕਾਂ ਨਾਲ ਗੱਲਬਾਤ ਕੀਤੀ ਗਈ।
ਇਸ ਦੌਰਾਨ ਉਹਨਾਂ ਦੱਸਿਆ ਕਿ ਮੀਹਾਂ ਦਾ ਮੌਸਮ ਸ਼ੁਰੂ ਹੋਣ ਵਿੱਚ 1 ਮਹੀਨੇ ਦਾ ਹੀ ਸਮਾਂ ਰਹਿ ਗਿਆ ਹੈ, ਪਰੰਤੂ ਪੰਜਾਬ ਦੀ ਕੈਪਟਨ ਸਰਕਾਰ ਦਾ ਇਸ ਵੱਲ ਕੋਈ ਧਿਆਨ ਨਹੀ ਹੈ। ਨਾ ਹੀ ਘੱਗਰ ਦੀ ਕੋਈ ਸਾਫ਼-ਸਫ਼ਾਈ ਹੋਈ ਹੈ ਅਤੇ ਨਾ ਹੀ ਇਸ ਦੇ ਕਮਜੋਰ ਬੰਨ੍ਹਾਂ ਬਾਰੇ ਸਰਕਾਰ ਵੱਲੋਂ ਕੋਈ ਧਿਆਨ ਦਿੱਤਾ ਜਾ ਰਿਹਾ ਹੈ।
ਉਹਨਾਂ ਕਿਹਾ ਇਸ ਲਈ ਅਸੀਂ ਪਹਿਲਾਂ ਹੀ ਇਸ ਸਬੰਧੀ ਘੱਗਰ ਦਾ ਦੌਰਾ ਕਰ ਕੇ ਇਥੋਂ ਦੇ ਪ੍ਰਬੰਧਾ ਦਾ ਜਾਇਜ਼ਾ ਲੈ ਰਹੇ ਹਾਂ ਪਰੰਤੂ ਇੰਝ ਜਾਪਦਾ ਹੈ ਜਿਵੇਂ ਸੂਬਾ ਸਰਕਾਰ ਨੂੰ ਇਸ ਦੀ ਕੋਈ ਫਿਕਰ ਹੀ ਨਹੀਂ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਸਥਾਨਕ ਅਫ਼ਸਰਾਂ ਨਾਲ ਗੱਲਬਾਤ ਕੀਤੀ ਹੈ ਤੇ ਘੱਗਰ ਦਾ ਮੁਆਇਨਾ ਕਰਕੇ ਇਸ ਦੇ ਉੱਚਿਤ ਪ੍ਰਬੰਧ ਕਰਨ ਦੀ ਅਪੀਲ ਵੀ ਕੀਤੀ ਹੈ। ਇਸ ਨਾਲ ਕਿਸਾਨਾਂ ਦੀਆਂ ਫ਼ਸਲਾਂ ਨੂੰ ਘੱਗਰ ਦਰਿਆ ਦੇ ਮਾਰ ਤੋਂ ਵੀ ਬਚਾਇਆ ਜਾ ਸਕੇ ਅਤੇ ਨਾ ਹੀ ਸਰਕਾਰ ਵੱਲੋਂ ਦਿੱਤਾ ਜਾਣ ਵਾਲਾ ਮੁਆਵਜ਼ਾ ਵੀ ਕਿਸੇ ਹੋਰ ਥਾਂ ਵਰਤੋਂ ਵਿੱਚ ਲਿਆਂਦਾ ਜਾ ਸਕੇ।
ਕੋਰੋਨਾ ਵਾਇਰਸ ਦੇ ਪੌਜ਼ੀਟਿਵ ਮਰੀਜਾਂ ਨੂੰ ਹਲਫ਼ਨਾਮਾ ਲੈ ਕੇ ਛੱਡਣ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਇਸ ਨੂੰ ਸਰਕਾਰ ਦੀ ਨਲਾਇਕੀ ਕਰਾਰ ਦਿੱਤਾ ਅਤੇ ਆਮ ਲੋਕਾਂ ਦੀਆਂ ਜਾਨਾਂ ਨੂੰ ਵੀ ਖ਼ਤਰੇ ਵਿੱਚ ਪਾਉਣ ਦੀ ਗੱਲ ਕਹੀ। ਉਹਨਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਕੋਰੋਨਾ ਵਾਇਰਸ ਦੇ ਮਾਮਲੇ ਘੱਟ ਦਿਖਾਉਣ ਅਤੇ ਸੂਬੇ ਨੂੰ ਕੋਰੋਨਾ ਮੁਕਤ ਦਿਖਾਉਣ ਲਈ ਅਜਿਹੇ ਮਰੀਜਾਂ ਨੂੰ ਛੱਡ ਰਹੀ ਹੈ।
ਇਸ ਮੌਕੇ ਉਹਨਾਂ ਤੋਂ ਜਦੋਂ ਸਰਕਾਰ ਵੱਲੋਂ ਜਾਰੀ ਨਕਲੀ ਬੀਜਾਂ ਦੇ ਸਬੰਧ ਵਿੱਚ ਹੋ ਰਹੇ ਮੁਜਾਹਰਿਆਂ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਹ ਨਕਲੀ ਬੀਜਾਂ ਦਾ ਕੰਮ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ ਹੈ, ਜੋ ਕਿ ਪੰਜਾਬ ਦੀ ਖੇਤੀ ਅਤੇ ਕਿਸਾਨਾਂ ਦੋਹਾਂ ਲਈ ਹੀ ਮਾਰੂ ਸਿੱਧ ਹੋ ਰਿਹਾ ਹੈ। ਸੂਬਾ ਸਰਕਾਰ ਨੂੰ ਚਾਹੀਦਾ ਹੈ ਇਸ ਤੇ ਠੱਲ੍ਹ ਪਾਈ ਜਾਵੇ ਅਤੇ ਇਸ ਤੋਂ ਪੰਜਾਬ ਦੇ ਕਿਸਾਨਾਂ ਨੂੰ ਬਚਾਇਆ ਜਾ ਸਕੇ।