ਮਲੇਰਕੋਟਲਾ: ਕੋਈ ਸਮਾਂ ਹੁੰਦਾ ਸੀ ਜਦੋਂ ਪਿੰਡ ਜਾਂ ਸ਼ਹਿਰ ਵਿੱਚ ਕਬੱਡੀ ਕੱਪ ਜਾਂ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਉਣ ਲਈ ਐਨਾਆਰਆਈ ਲੋਕਾਂ ਤੋਂ ਮਦਦ ਲਈ ਜਾਂਦੀ ਸੀ। ਸਿਰਫ਼ ਇਹ ਹੀ ਨਹੀਂ ਬਲਕਿ ਵਿਦੇਸ਼ ਤੋਂ ਆਉਣ ਲੱਗੇ ਇਨ੍ਹਾਂ ਲੋਕਾਂ ਨੂੰ ਲੈਣ ਲਈ ਦਿੱਲੀ ਹਵਾਈ ਅੱਡੇ 'ਤੇ ਲੋਕਾਂ ਦਾ ਭਾਰੀ ਇਕੱਠ ਹੋ ਜਾਂਦਾ ਸੀ।
ਪਰ ਕਰੋਨਾ ਮਹਾਮਾਰੀ ਦੇ ਫੈਲਣ ਨਾਲ ਲੋਕ ਐਨਆਰਆਈ ਸ਼ਬਦ ਤੋਂ ਵੀ ਘਬਰਾਉਣ ਲੱਗੇ ਹਨ। ਅਜੋਕੇ ਸਮੇਂ 'ਚ ਜੇਕਰ ਮੁਹੱਲੇ ਦੇ ਵਿੱਚ ਜਾਂ ਪਿੰਡ ਦੇ ਵਿੱਚ ਕੋਈ ਐਨਆਰਆਈ ਆਵੇ ਤਾਂ ਉਸਦੀ ਫੌਰੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਜਾਂਦੀ ਹੈ।
ਇਸ ਦੇ ਉਲਟ ਇੱਕ ਕੈਨੇਡਾ ਤੋਂ ਆਏ ਐਨਆਰਆਈ ਵੱਲੋਂ ਆਪਣੇ ਪਰਿਵਾਰ ਨਾਲ ਮਿਲ ਕੇ ਆਪਣੇ ਹੀ ਪਿੰਡ ਦੇ ਵਿੱਚ ਜ਼ਰੂਰਤਮੰਦ ਲੋਕਾਂ ਨੂੰ ਰਾਸ਼ਨ ਵੰਡਿਆ ਜਾ ਰਿਹਾ ਹੈ। ਜਿਸ ਦਾ ਸਾਥ ਮਾਲੇਰਕੋਟਲਾ ਦੇ ਐਸਪੀ ਮਨਜੀਤ ਸਿੰਘ ਬਰਾੜ ਦੇ ਰਹੇ ਹਨ।
ਐਨਆਰਆਈ ਸਿਮਰਜੀਤ ਸਿੰਘ ਮਾਨ ਨੇ ਲੋਕਾਂ ਨੂੰ ਪਹਿਲਾਂ ਵਾਂਗ ਪਿਆਰ ਕਰਨ ਅਤੇ ਉਨਾਂ 'ਤੇ ਭਰੋਸਾ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਐਨਆਰਆਈ ਹਮੇਸ਼ਾ ਹੀ ਪੰਜਾਬ ਦਾ ਭਲਾ ਸੋਚਦੇ ਆਏ ਹਨ। ਉੱਥੇ ਹੀ ਐਸਪੀ ਮਨਜੀਤ ਸਿੰਘ ਬਰਾੜ ਨੇ ਲੋਕਾਂ ਨੂੰ ਐਨਆਰਆਈ ਦਾ ਸਹਿਯੋਗ ਕਰਨ ਦੀ ਗੱਲ ਆਖੀ ਹੈ।
ਜ਼ਿਕਰਯੋਗ ਹੈ ਕਿ ਕੋਵਿਡ-19 ਮਹਾਮਾਰੀ ਵਿਦੇਸ਼ਾਂ ਤੋਂ ਆਏ ਲੋਕਾਂ ਰਾਹੀਂ ਭਾਰਤ 'ਚ ਫੈਲੀ ਹੈ ਜਿਸ ਤੋਂ ਬਾਅਦ ਲੋਕ ਵਿਦੇਸ਼ਾਂ ਤੋਂ ਆਉਣ ਵਾਲਿਆਂ ਤੋਂ ਡਰਨ ਲੱਗੇ ਸਨ।