ਸੰਗਰੂਰ: ਇਤਿਹਾਸਕ ਕਸਬਾ ਅਮਰਗੜ੍ਹ ਵਿੱਚ ਸਰਬੰਸਦਾਨੀ ਅਤੇ ਸਿੱਖ ਪੰਥ ਦੇ ਦਸਵੇਂ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਨੂੰ ਸਮਰਪਿਤ ਇੱਕ ਮਹਾਨ ਨਗਰ ਕੀਰਤਨ ਸਜਾਇਆ ਗਿਆ। ਇਸ ਵਿੱਚ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੁੰਦਰ ਪਾਲਕੀ ਸਜਾ ਕੇ ਨਗਰ ਕੀਰਤਨ ਅਮਰਗੜ੍ਹ ਦੇ ਗੁਰਦੁਆਰਾ ਸਿੰਘ ਸਭਾ ਤੋਂ ਰਵਾਨਗੀ ਲੈ ਕੇ ਗਿਆਨੀ ਜੈਲ ਸਿੰਘ ਕਲੋਨੀ ਅਮਰਗੜ੍ਹ ਤੋਂ ਹੋ ਕੇ ਦੇ ਬਜ਼ਾਰ ਵਿੱਚੋਂ ਲੰਘਿਆ ਅਤੇ ਉਥੋਂ ਵਾਪਿਸ ਬਾਜ਼ਾਰ ਵਿੱਚੋਂ ਹੁੰਦਾ ਹੋਇਆ ਗੁਰਦੁਆਰਾ ਸਿੰਘ ਸਭਾ ਸਾਹਿਬ ਪਹੁੰਚ ਕੇ ਸਮਾਪਤ ਹੋਇਆ।
ਨਗਰ ਕੀਰਤਨ ਦੌਰਾਨ ਡਾ. ਜਗਮੋਹਨ ਸਿੰਘ ਅਤੇ ਦਰਸ਼ਨ ਸਿੰਘ ਵੱਲੋਂ ਗੁਰਬਾਣੀ ਦਾ ਕੀਰਤਨ ਸੰਗਤਾਂ ਨੂੰ ਸਰਬਣ ਕਰਵਾਇਆ ਗਿਆ। ਬੈਂਡ ਵਾਜੇ ਵਾਲਿਆਂ ਅਤੇ ਗੱਤਕਾ ਪਾਰਟੀ ਨੇ ਵੀ ਆਪਣੀ ਕਲਾ ਦੇ ਜੌਹਰ ਦਿਖਾਏ।
ਇਸ ਮੌਕੇ ਸੰਬੋਧਨ ਕਰਦਿਆਂ ਭਾਈ ਦਰਸ਼ਨ ਸਿੰਘ ਨੇ ਸੰਗਤਾਂ ਨੂੰ ਗੁਰਪੁਰਬ ਦੀ ਵਧਾਈਆਂ ਦੇਣ ਸਮੇਤ ਦਿੱਲੀ 'ਚ ਚੱਲ ਰਹੇ ਕਿਸਾਨੀ ਮੋਰਚੇ ਵਿੱਚ ਕਿਸਾਨਾਂ ਦੀ ਜਿੱਤ ਲਈ ਦੇਸ਼ ਦੀਆਂ ਸੰਗਤਾਂ ਨੂੰ ਵਾਹਿਗੁਰੂ ਅੱਗੇ ਅਰਦਾਸ ਕਰਨ ਲਈ ਅਪੀਲ ਕੀਤੀ। ਇਸ ਮੌਕੇ ਡਾ. ਜਗਮੋਹਨ ਸਿੰਘ ਨੇ ਵੀ ਪੂਰੀ ਲੋਕਾਈ ਨੂੰ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ।