ਸੰਗਰੂਰ: ਲਹਿਰਾਗਾਗਾ ਦੇ ਨੇੜਲੇ ਪਿੰਡ ਅੰਨਦਾਣਾ ਵਿੱਚ ਇਕ ਵਿਆਹੁਤਾ ਵੱਲੋਂ ਸਹੁਰਾ ਪਰਿਵਾਰ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਲੜਕੀ ਦੇ ਪਿਤਾ ਨਫੇ ਸਿੰਘ ਪੁੱਤਰ ਦਿਆ ਸਿੰਘ ਵਾਸੀ ਸਾਂਗਣ ਜਿਲ੍ਹਾ ਕੈਥਲ ਹਰਿਆਣਾ ਨੇ ਥਾਣਾ ਖਨੌਰੀ ਵਿੱਚ ਆਪਣੇ ਬਿਆਨ ਦਰਜ ਕਰਵਾਏ ਹਨ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਲੜਕੀ ਦੇ ਪਿਤਾ ਨੇ ਕਿਹਾ ਕਿ ਉਸਦੀ 5 ਲੜਕੀਆਂ ਅਤੇ 1 ਲੜਕਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਲੜਕੀ ਰਾਜਦੀਪ ਕੌਰ ਦਾ ਵਿਆਹ ਕਰਮਬੀਰ ਸਿੰਘ ਪੁੱਤਰ ਰਾਮਕੁਮਾਰ ਵਾਸੀ ਅੰਨਦਾਣਾ ਨਾਲ ਕਰੀਬ ਤਿੰਨ ਸਾਲ ਪਹਿਲਾਂ ਹੋਇਆ ਸੀ। ਵਿਆਹ ਤੋਂ ਬਾਅਦ ਲੜਕੀ ਦੇ ਇਕ 2 ਸਾਲ ਦਾ ਲੜਕਾ ਵੀ ਹੋਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਲੜਕੀ ਰਾਜਦੀਪ ਕੌਰ ਨੂੰ ਉਸਦਾ ਸਹੁਰਾ ਪਰਿਵਾਰ ਵਿਆਹ ਤੋਂ ਬਾਅਦ ਲਗਾਤਾਰ ਤੰਗ ਪਰੇਸ਼ਾਨ ਕਰਦਾ ਸੀ।
ਇਹ ਵੀ ਪੜ੍ਹੋ:20 ਰੁਪਏ ਬਚਾਉਣ ਲਈ ਦਰਿੰਦਾ ਬਣਿਆ ਕਾਰ ਸਵਾਰ, ਪਾਰਕਿੰਗ ਦੇ ਕਰਿੰਦੇ 'ਤੇ ਚੜ੍ਹਾਈ ਗੱਡੀ !
ਲੜਕੀ ਦੇ ਪਿਤਾ ਨੇ ਇਲਜਾਮ ਲਗਾਏ ਹਨ ਕਿ ਲੜਕੀ ਦਾ ਪਿਤਾ, ਜੇਠ, ਸੱਸ ਉਸਨੂੰ ਦਹੇਜ ਲਈ ਦੁਖੀ ਕਰਦੇ ਸਨ। ਇਸ ਤੋਂ ਪਰੇਸ਼ਾਨ ਹੋ ਕੇ ਲੜਕੀ ਪੇੇਕੇ ਆ ਜਾਂਦੀ ਤਾਂ ਉਸਨੂੰ ਕਈ ਵਾਰ ਸਮਝਾ ਕੇ ਸਹੁਰਾ ਘਰ ਭੇਜਿਆ ਗਿਆ ਪਰ ਸਹੁਰਾ ਪੱਖ ਨੇ ਪਰੇਸ਼ਾਨ ਕਰਨਾ ਬੰਦ ਨਹੀਂ ਕੀਤਾ। ਉਨ੍ਹਾਂ ਦੱਸਿਆ ਕਿ 19 ਜਨਵਰੀ ਨੂੰ ਉਨ੍ਹਾਂ ਦੇ ਜਵਾਈ ਨੇ ਫੋਨ ਉੱਤੇ ਦੱਸਿਆ ਕਿ ਰਾਜਦੀਪ ਦੀ ਤਬੀਅਤ ਖਰਾਬ ਹੈ ਅਤੇ ਉਸਨੂੰ ਖਨੌਰੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ। ਇਸ ਤੋਂ ਬਾਅਦ ਫਿਰ ਉਨ੍ਹਾਂ ਦੇ ਜਵਾਈ ਨੇ ਫੋਨ ਕਰਕੇ ਦੱਸਿਆ ਕਿ ਰਾਜਦੀਪ ਦੀ ਮੌਤ ਹੋ ਗਈ ਹੈ। ਜਦੋਂ ਉਹ ਹਸਪਤਾਲ ਪਹੁੰਚੇ ਤਾਂ ਇਸ ਤੋਂ ਪਹਿਲਾਂ ਹੀ ਸਹੁਰਾ ਪਰਿਵਾਰ ਲੜਕੀ ਦੀ ਲਾਸ਼ ਨਾਲ ਲੈ ਗਿਆ ਸੀ। ਲੜਕੀ ਦੇ ਪਿਤਾ ਨੇ ਇਲਜਾਮ ਲਾਇਆ ਕਿ ਉਨ੍ਹਾਂ ਦੀ ਲੜਕੀ ਨੇ ਸਹੁਰਾ ਪਰਿਵਾਰ ਤੋਂ ਦੁਖੀ ਹੋ ਕੇ ਫਾਹਾ ਲਿਆ ਹੈ।
ਦੂਜੇ ਪਾਸੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਅਰੰਭ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮ੍ਰਿਤਕ ਲੜਕੀ ਦੇ ਪਿਤਾ ਦੇ ਬਿਆਨ ਮਿਲੇ ਹਨ, ਜਿਨ੍ਹਾਂ ਦੇ ਆਧਾਰ ਉੱਤੇ ਸਹੁਰਾ ਪਰਿਵਾਰ ਦੇ ਉਕਤ ਦੋਸ਼ੀਆਂ ਖਿਲਾਫ਼ ਧਾਰਾ 304 ਦਾ ਮੁਕੱਦਮਾ ਦਰਜ ਕਰ ਦਿੱਤਾ ਹੈ।