ਸੰਗਰੂਰ: ਪੰਜਾਬ ਵਿੱਚ ਪਿਛਲੇ ਦਿਨਾਂ ਤੋਂ ਸੁਖਜਿੰਦਰ ਰੰਧਾਵਾ ਅਤੇ ਬਿਕਰਮ ਮਜੀਠੀਆ ਵਿਚਕਾਰ ਗੈਂਗਸਟਰਾਂ ਨੂੰ ਲੈ ਕੇ ਵਿਵਾਦ ਕਾਫ਼ੀ ਚਰਚਾ ਵਿੱਚ ਰਿਹਾ। ਇਸ ਮਾਮਲੇ 'ਤੇ ਬੋਲਦਿਆਂ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਕਿਹਾ ਕਿ ਸਰਕਾਰ ਨੂੰ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਨੀ ਚਾਹੀਦੀ ਹੈ ਅਤੇ ਗੈਂਗਸਟਰਾਂ ਨਾਲ ਸਬੰਧਿਤ ਸਾਰੇ ਦੋਸ਼ੀਆਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ।
ਇਸ ਮੌਕੇ ਉਨ੍ਹਾਂ ਨੇ ਸਿੱਧੇ ਤੌਰ 'ਤੇ ਕਾਂਗਰਸ 'ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਜੋ ਗੈਂਗਸਟਰ ਅਕਾਲੀ ਸਰਕਾਰ ਸਮੇਂ ਲੋਕਾਂ ਨੂੰ ਲੁੱਟਣ ਲਈ ਵਰਤੇ ਜਾਂਦੇ ਸਨ, ਉਨ੍ਹਾਂ ਸਾਰੇ ਗੈਂਗਸਟਰਾਂ ਨੂੰ ਖ਼ਤਮ ਕਰਨ ਦੀ ਥਾਂ ਕਾਂਗਰਸ ਪਾਰਟੀ ਨੇ ਨੇ ਆਪਣੇ ਨਾਲ ਰਲਾ ਲਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅੱਜ ਵੀ ਜੇਲ੍ਹਾਂ ਦੇ ਵਿੱਚੋਂ ਅਤੇ ਜੇਲ੍ਹਾਂ ਦੇ ਬਾਹਰੋਂ ਹੀ ਗੈਂਗਸਟਰ ਰਾਜ ਚਲਾਇਆ ਜਾ ਰਿਹਾ ਹੈ।
ਇਸ ਦੇ ਨਾਲ ਹੀ ਹੋਰ ਮਾਮਲਿਆਂ 'ਤੇ ਬੋਲਦਿਆਂ ਚੀਮਾ ਨੇ ਕਿਹਾ ਕਿ ਗੈਂਗਸਟਰਾਂ ਦਾ ਮਾਮਲਾ ਛੋਟਾ ਹੈ ਪਰ ਲੋਕਾਂ ਦੇ ਮਸਲੇ ਵੱਡੇ ਹਨ। ਪੰਜਾਬ ਵਿੱਚ ਸਿੱਖਿਆ ਦੀ ਮਾੜੀ ਹਾਲਤ ਹੈ, ਸਿਹਤ ਖੇਤਰ ਬਹੁਤ ਬਿਮਾਰ ਹੈ, ਹਸਪਤਾਲਾਂ ਵਿੱਚ ਡਾਕਟਰ ਨਹੀਂ, ਪੰਜਾਬ ਵਿੱਚ ਮਾਫੀਆ ਦਾ ਰਾਜ ਚੱਲ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੋ ਮਾਫੀਆ ਸੁਖਬੀਰ ਬਾਦਲ ਨੇ ਸ਼ੁਰੂ ਕੀਤਾ, ਉਹ ਮਾਫ਼ੀਆ ਹੀ ਕੈਪਟਨ ਅਮਰਿੰਦਰ ਸਿੰਘ ਚਲਾ ਰਹੇ ਹਨ।
ਸੂਬੇ ਦਾ ਖਜ਼ਾਨਾ ਖ਼ਾਲੀ ਹੋਣ ਦੇ ਮਾਮਲੇ 'ਤੇ ਚੀਮਾ ਨੇ ਕਿਹਾ ਕਿ ਪੰਜਾਬ ਦੇ ਖ਼ਜਾਨਾ ਮੰਤਰੀ ਮਨਪ੍ਰੀਤ ਬਾਦਲ ਜਦੋਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵਿੱਚ ਵਿੱਤ ਮੰਤਰੀ ਸਨ ਤਾਂ ਉਦੋਂ ਵੀ ਖਜ਼ਾਨੇ ਦੀ ਘਾਟ ਕਹਿੰਦੇ ਸੀ ਅਤੇ ਹੁਣ ਫ਼ੇਰ ਖਜ਼ਾਨਾ ਖਾਲੀ ਹੈ। ਜੇਕਰ ਹਮੇਸ਼ਾ ਖਜ਼ਾਨਾ ਖਾਲੀ ਹੀ ਰੱਖਣਾ ਹੁੰਦਾ ਹੈ ਤਾਂ ਮੰਤਰੀ ਹੀ ਕਿਉਂ ਬਣਦੇ ਹੋ? ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜੋ ਲੁੱਟ ਹੋ ਰਹੀ ਹੈ ਉਸੇ ਕਰਕੇ ਖ਼ਜ਼ਾਨਾ ਖ਼ਾਲੀ ਹੈ, ਜੇ ਲੋਕਾਂ ਦੀ ਲੁੱਟ ਕਰਨੀ ਬੰਦ ਹੋ ਜਾਵੇ ਤਾਂ ਖਜ਼ਾਨਾ 6 ਮਹੀਨਿਆਂ ਵਿੱਚ ਭਰਿਆ ਜਾ ਸਕਦਾ ਹੈ।