ਸੰਗਰੂਰ: ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿੱਚ ਚੀਨ ਅਤੇ ਭਾਰਤ ਦੀ ਫੌਜਾਂ ਦੇ ਵਿਚਕਾਰ ਹੋਈ ਝੜਪ ਵਿੱਚ ਦੇਸ਼ ਦੇ 20 ਫੌਜੀ ਜਵਾਨ ਸ਼ਹੀਦ ਹੋ ਗਏ ਹਨ। ਇਨ੍ਹਾਂ ਸ਼ਹੀਦ ਜਵਾਨਾਂ ਵਿੱਚ ਸੰਗਰੂਰ ਜ਼ਿਲ੍ਹੇ ਦੇ ਪਿੰਡ ਤੋਲੇਵਾਲ ਦਾ ਸਿਪਾਹੀ ਗੁਰਬਿੰਦਰ ਸਿੰਘ (22) ਵੀ ਸ਼ਾਮਲ ਸੀ। ਸ਼ਹੀਦ ਗਰੁਬਿੰਦਰ ਸਿੰਘ ਦੇ ਸ਼ਹੀਦ ਹੋਣ ਦੀ ਖ਼ਬਰ ਜਿਵੇਂ ਹੀ ਪਿੰਡ ਤੋਲੇਵਾਲ ਵਿੱਚ ਪਹੁੰਚੀ ਤਾਂ ਸਾਰੇ ਪਿੰਡ ਵਿੱਚ ਮਹੌਲ ਗਮਗੀਨ ਹੋ ਗਿਆ। ਸ਼ਹੀਦ ਗੁਰਬਿੰਦਰ ਸਿੰਘ 2018 ਵਿੱਚ ਭਾਰਤੀ ਫੌਜ ਦੀ ਪੰਜਾਬ ਰੈਜੀਮੈਂਟ ਵਿੱਚ ਬਤੌਰ ਸਿਪਾਹੀ ਭਰਤੀ ਹੋਇਆ ਸੀ।
ਸ਼ਹੀਦ ਦੇ ਭਰਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਢਾਈ ਸਾਲ ਪਹਿਲਾਂ ਹੀ ਗੁਰਬਿੰਦਰ ਸਿੰਘ ਫੌਜ ਵਿੱਚ ਭਰਤੀ ਹੋਇਆ ਸੀ। ਬੀਤੇ ਕਈ ਦਿਨਾਂ ਤੋਂ ਉਨ੍ਹਾਂ ਦੀ ਗੁਰਬਿੰਦਰ ਨਾਲ ਗੱਲਬਾਤ ਨਹੀਂ ਹੋਈ। ਉਨ੍ਹਾਂ ਕਿਹਾ ਕਿ ਬਚਪਨ ਤੋਂ ਹੀ ਉਸ ਦੇ ਅੰਦਰ ਫੌਜੀ ਬਣ ਦਾ ਜਨੂੰਨ ਸੀ। ਸ਼ਹੀਦ ਦੇ ਭਰਾ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੂੰ ਆਪਣੇ ਬੇਟੇ ਦੀ ਸ਼ਹਾਦਤ 'ਤੇ ਮਾਣ ਹੈ।
ਇਸ ਮੌਕੇ ਜ਼ਿਲ੍ਹਾ ਸੈਨਿਕ ਭਲਾਈ ਸੇਵਾਵਾਂ ਦੇ ਸੁਪਰਡੈਂਟ ਪਰਮਜੀਤ ਸਿੰਘ ਨੇ ਕਿਹਾ ਜ਼ਿਲ੍ਹੇ ਦੇ ਲਈ ਇਹ ਬਹੁਤ ਦੁਖਦ ਖ਼ਬਰ ਹੈ। ਉਨ੍ਹਾਂ ਕਿਹਾ ਸਿਪਾਹੀ ਗੁਰਬਿੰਦਰ ਸਿੰਘ ਦੀ ਸ਼ਹਾਦਤ 'ਤੇ ਸਾਰੇ ਜ਼ਿਲ੍ਹੇ ਨੂੰ ਮਾਣ ਹੈ। ਉਨ੍ਹਾਂ ਕਿਹਾ ਜ਼ਿਲ੍ਹਾ ਸੈਨਿਕ ਭਲਾਈ ਦਫ਼ਤਰ ਸ਼ਹੀਦ ਪਰਿਵਾਰ ਦੀ ਮਦਦ ਲਈ ਹਮੇਸ਼ਾ ਤਿਆਰ ਹੈ।
ਇੱਥੇ ਵਿਸ਼ੇਸ਼ ਤੌਰ 'ਤੇ ਇਹ ਦੱਸਣਯੋਗ ਹੈ ਕਿ ਸ਼ਹੀਦ ਗੁਰਬਿੰਦਰ ਸਿੰਘ ਦੀ 8 ਮਹੀਨੇ ਪਹਿਲਾਂ ਹੀ ਮੰਗਣੀ ਹੋਈ ਸੀ ਅਤੇ ਅਗਲੀ ਛੁੱਟੀ 'ਤੇ ਆਉਣ ਸਮੇਂ ਉਸ ਦਾ ਵਿਆਹ ਕੀਤਾ ਜਾਣਾ ਸੀ। ਗੁਰਬਿੰਦਰ ਸਿੰਘ ਦੇ ਪਰਿਵਾਰ ਲਈ ਇਹ ਖ਼ੁਸ਼ੀ ਦੀ ਘੜੀ ਹੁਣ ਕਦੇ ਵੀ ਨਹੀਂ ਆਵੇਗੀ।