ਸੰਗਰੂਰ: ਪੂਰੇ ਭਾਰਤ ਵਿੱਚ ਆਜ਼ਾਦੀ ਦਿਵਸ ਮਨਾਇਆ ਗਿਆ ਹੈ। ਦੇਸ਼ ਨੂੰ ਆਜ਼ਾਦ ਹੋਏ ਅੱਜ 74 ਸਾਲ ਹੋ ਗਏ ਹਨ, ਪਰ ਦੇਸ਼ ਨੂੰ ਆਜ਼ਾਦ ਕਰਵਾਉਣ ਵਾਲੇ ਆਜ਼ਾਦੀ ਘੁਲਾਟੀਏ ਸਰਕਾਰਾਂ ਤੋਂ ਖਫ਼ਾ ਹਨ। ਇਸੇ ਨੂੰ ਲੈ ਕੇ ਪੇਸ਼ ਹੈ ਈਟੀਵੀ ਭਾਰਤ ਦੀ ਖ਼ਾਸ ਰਿਪੋਰਟ।
ਆਜ਼ਾਦੀ ਘੁਲਾਟੀਏ ਗੁਰਦੇਵ ਸਿੰਘ
95 ਸਾਲਾ ਦੇ ਗੁਰਦੇਵ ਸਿੰਘ ਨੇ ਅੰਗਰੇਜ਼ਾਂ ਤੋਂ ਦੇਸ਼ ਨੂੰ ਆਜ਼ਾਦ ਕਰਾਉਣ ਲਈ ਸਭ ਤੋਂ ਪਹਿਲਾਂ ਸੰਗਰੂਰ ਤੋਂ ਭਾਰਤ ਛੱਡੋ ਅੰਦੋਲਨ ਵਿੱਚ ਹਿੱਸਾ ਲਿਆ ਸੀ। ਗੁਰਦੇਵ ਸਿੰਘ ਜੋ ਕਿ ਸੁਨਾਮ ਊਧਮ ਸਿੰਘ ਵਾਲਾ ਦੇ ਰਹਿਣ ਵਾਲੇ ਹਨ।
1941 ਤੋਂ 1943 ਤੱਕ ਕੱਟੀਆਂ ਜੇਲ੍ਹਾਂ
ਸਰਦਾਰ ਗੁਰਦੇਵ ਸਿੰਘ ਨੂੰ ਦੇਸ਼ ਦੀ ਆਜ਼ਾਦੀ ਦੇ ਲਈ ਲਹਿੰਦੇ ਪੰਜਾਬ ਦੇ ਲਾਹੌਰ ਵਿਖੇ ਸੰਨ 1941 ਤੋਂ ਲੈ ਕੇ ਸੰਨ 1943 ਤੱਕ ਜੇਲ੍ਹਾਂ ਵਿੱਚ ਵੀ ਜਾਣਾ ਪਿਆ ਸੀ, ਪਰ ਅੱਜ ਦੇ ਹਾਲਾਤਾਂ ਨੂੰ ਦੇਖਦੇ ਹੋਏ ਉਨ੍ਹਾਂ ਦਾ ਕਹਿਣਾ ਹੈ ਕਿ ਜੇ ਦੇਸ਼ ਆਜ਼ਾਦ ਨਾ ਹੁੰਦਾ ਤਾਂ ਵਧੀਆ ਸੀ। ਕਿਉਂਕਿ ਅੰਗਰੇਜ਼ ਇਨ੍ਹਾਂ ਨਾਲੋਂ ਕਿਤੇ ਜ਼ਿਆਦਾ ਚੰਗੇ ਸਨ।
ਰਾਸ਼ਟਰਪਤੀ ਐਵਾਰਡ ਨੂੰ ਮਾਰੀ ਠੋਕਰ
ਆਜ਼ਾਦੀ ਘੁਲਾਟੀਏ ਗੁਰਦੇਵ ਸਿੰਘ ਨੇ ਦੱਸਿਆ ਕਿ ਸਰਕਾਰਾਂ ਨੇ ਆਜ਼ਾਦੀ ਘੁਲਾਟੀਆਂ ਲਈ ਵੱਡੇ-ਵੱਡੇ ਐਲਾਨ ਤਾਂ ਕੀਤੇ ਹਨ, ਪਰ ਉਨ੍ਹਾਂ ਨੂੰ ਬੱਸ ਵਿੱਚ ਸਫ਼ਰ ਕਰਨ ਉੱਤੇ ਟਿਕਟ ਮੰਗ ਲੈਣ ਉੱਤੇ ਨਾਮੋਸ਼ੀ ਦਾ ਹੀ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਾਤ੍ਹੜ ਬੰਦੇ ਤਾਂ ਹੱਕ ਲੈਣ ਵਿੱਚ ਪਿੱਛੇ ਹੀ ਰਹਿ ਜਾਂਦੇ ਹਨ, ਜੇ ਤਗੜੇ ਹਨ ਜਾਂ ਜਿਨ੍ਹਾਂ ਦੀ ਚੱਲਦੀ ਹੈ ਉਹ ਆਪਣੇ ਹੱਕ ਲੈ ਜਾਂਦੇ ਹਨ।
ਸਰਕਾਰ ਦੇ ਵਿਤਕਰੇ ਤੋਂ ਤੰਗ ਆ ਕੇ ਉਨ੍ਹਾਂ ਦੇ ਘਰ ਰਾਸ਼ਟਰਪਤੀ ਐਵਾਰਡ ਦੇਣ ਆਏ ਡੀਸੀ ਨੂੰ ਐਵਾਰਡ ਲੈਣ ਤੋਂ ਮਨ੍ਹਾਂ ਕਰ ਦਿੱਤਾ ਸੀ।
ਆਜ਼ਾਦੀ ਘੁਲਾਟੀਏ ਤਾਂ ਲੋਈਆਂ-ਖੇਸੀਆਂ ਜੋਗੇ ਰਹਿ ਗਏ
ਗੁਰਦੇਵ ਸਿੰਘ ਦੇ ਪੁੱਤਰ ਸਵਰਨਜੀਤ ਨੇ ਦੱਸਿਆ ਕਿ ਆਜ਼ਾਦੀ ਘੁਲਾਟੀਆਂ ਨੂੰ 15 ਅਗਸਤ ਅਤੇ 26 ਜਨਵਰੀ ਦੇ ਦਿਨ ਹੀ ਯਾਦ ਕੀਤਾ ਜਾਂਦਾ ਹੈ। ਪਰ ਬਾਕੀ ਦਿਨ ਤਾਂ ਉਨ੍ਹਾਂ ਨੂੰ ਕੋਈ ਪੁੱਛਦਾ ਵੀ ਨਹੀਂ। ਨਾ ਤਾਂ ਸਰਕਾਰ ਵੱਲੋਂ ਕੋਈ ਸਕੀਮ ਉਨ੍ਹਾਂ ਨੂੰ ਦਿੱਤੀ ਗਈ ਹੈ ਅਤੇ ਜੋ ਮਿਲਦੀ ਹੈ ਉਸ ਦੇ ਲਈ ਵੀ ਉਨ੍ਹਾਂ ਨੂੰ ਦਫ਼ਤਰਾਂ ਦੇ ਧੱਕੇ ਖਾਣੇ ਪੈਂਦੇ ਹਨ।