ਸੰਗਰੂਰ: ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਸੱਤਾ ਉੱਤੇ ਕਾਬਜ਼ ਕਾਂਗਰਸ ਨੇ ਆਪਣੀ ਕੁਰਸੀ ਦੀ ਲੜਾਈ ਖਾਤਰ ਪੰਜਾਬ ਦੇ ਲੋਕਾਂ ਨੂੰ ਲਾਵਾਰਸ ਛੱਡ ਦਿੱਤਾ ਹੈ। ਸਿਹਤ ਸਹੂਲਤਾਂ ਤੋਂ ਵਾਂਝੇ ਪੰਜਾਬ ਦੇ ਲੋਕ ਮਰ ਰਹੇ ਹਨ ਪਰ ਪੰਜਾਬ ਦੀ ਕਾਂਗਰਸ ਆਪਣੀਆਂ ਕੁਰਸੀਆਂ ਦੀ ਲੜਾਈ ਖਾਤਰ ਮੀਟਿੰਗਾਂ ਵਿਚ ਰੁੱਝੀ ਹੋਈ ਹੈ।
ਮਾਨ ਇੱਥੇ ਕੋਰੋਨਾ ਮਹਾਂਮਾਰੀ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਕਰਨ ਕਿਹਾ ਕਿ ਕੋਰੋਨਾ ਮਹਾਂਮਾਰੀ ਦੀ ਭੇਟ ਚੜ੍ਹ ਕੇ ਪੰਜਾਬ ਦੇ ਲੋਕ ਮਰ ਰਹੇ ਹਨ। ਹਸਪਤਾਲਾਂ ਵਿਚ ਬੈੱਡਾਂ ਅਤੇ ਆਕਸੀਜਨ ਦੇ ਪੁਖਤਾ ਪ੍ਰਬੰਧ ਨਹੀਂ ਹਨ ਪਰ ਪੰਜਾਬ ਦੇ ਮੁੱਖ ਮੰਤਰੀ ਸਿਸਵਾਂ ਫਾਰਮ ਤੋਂ ਬਾਹਰ ਨਹੀਂ ਨਿਕਲ ਰਹੇ।
ਇਹ ਵੀ ਪੜ੍ਹੋ:ਬਰਖ਼ਾਸਤ ਏਐਸਆਈ ਵੱਲੋਂ ਥਾਣੇ ’ਚ ਖੁਦਕੁਸ਼ੀ ਕਰਨ ਦੀ ਕੋਸ਼ਿਸ਼
ਜਦੋਂ ਕਿ ਬਾਕੀ ਕੈਬਿਨੇਟ ਦੇ ਮੰਤਰੀ ਅਤੇ ਵਿਧਾਇਕ ਕੁਰਸੀ ਦੀ ਦੌੜ ਵਿੱਚ ਮੀਟਿੰਗਾਂ ਵਿਚ ਰੁੱਝੇ ਹੋਏ ਹਨ। ਉਨ੍ਹਾਂ ਮੁੱਖ ਮੰਤਰੀ ਸਮੇਤ ਸਮੁੱਚੀ ਪੰਜਾਬ ਕੈਬਿਨੇਟ ਨੂੰ ਅਪੀਲ ਕੀਤੀ, ‘ਮੁੱਖ ਮੰਤਰੀ ਅਤੇ ਪ੍ਰਧਾਨਗੀ ਦੀ ਕੁਰਸੀ ਦੀ ਲੜਾਈ ਬਾਅਦ ਵਿਚ ਲੜ ਲਿਓ, ਪਹਿਲਾਂ ਪੰਜਾਬ ਦੇ ਲੋਕਾਂ ਦੀ ਜਾਨ ਬਚਾ ਲਓ। ਜੇ ਲੋਕ ਹੀ ਨਾ ਰਹੇ ਤਾਂ ਕਿਸ ਦੇ ਮੁੱਖ ਮੰਤਰੀ ਅਤੇ ਕਿਸ ਦੇ ਪ੍ਰਧਾਨ ਬਣੋਗੇ।’