ਸੰਗਰੂਰ: ਪੰਜਾਬ ਵਿੱਚ ਝੋਨੇ ਦੀ ਬਿਜਾਈ ਸ਼ੁਰੂ ਹੋ ਗਈ ਹੈ। ਇਸ ਵਾਰ ਕੋਰੋਨਾ ਵਾਇਰਸ ਕਰਕੇ ਲੌਕਡਾਊਨ ਲੱਗਿਆ ਹੋਇਆ ਹੈ ਅਤੇ ਲੇਬਰ ਆਪਣੇ ਘਰਾਂ ਨੂੰ ਚਲੀ ਗਈ ਹੈ, ਜਿਸ ਕਰਕੇ ਬਿਜਾਈ ਲਈ ਲੇਬਰ ਦੀ ਸਮੱਸਿਆ ਆ ਰਹੀ ਹੈ। ਇਸ ਦੇ ਨਾਲ ਹੀ ਪੰਜਾਬ ਵਿੱਚ ਜ਼ਮੀਨੀ ਪਾਣੀ ਦਾ ਪੱਧਰ ਵੀ ਹੇਠਾਂ ਜਾਣ ਕਰਕੇ ਕਿਸਾਨਾਂ ਵੱਲੋਂ ਵੱਖਰੇ ਢੰਗ ਨਾਲ ਝੋਨੇ ਦੀ ਬਿਜਾਈ ਕੀਤੀ ਜਾ ਰਹੀ ਹੈ, ਜਿਸ ਨਾਲ ਪਾਣੀ ਦੀ ਖਪਤ ਘੱਟ ਹੁੰਦੀ ਹੈ।
ਲਹਿਰਾਗਾਗਾ ਦੇ ਕਿਸਾਨਾਂ ਨੇ ਡਰਿੱਲ ਨਾਲ ਝੋਨੇ ਦੀ ਸਿੱਧੀ ਬਿਜਾਈ ਦੀ ਵਿਧੀ ਅਪਣਾਈ ਹੈ। ਝੋਨੇ ਦੀ ਸਿੱਧੀ ਬਿਜਾਈ ਧਰਤੀ ਹੇਠਲੇ ਪਾਣੀ ਦੀ ਬਚਤ ਕਰਨ ਵਿੱਚ ਵੀ ਸਹਾਈ ਹੁੰਦੀ ਹੈ। ਸਿੱਧੀ ਬਿਜਾਈ ਨਾਲ ਬੀਜੀ ਝੋਨੇ ਦੀ ਫ਼ਸਲ ਕੱਦੂ ਕੀਤੇ ਝੋਨੇ ਦੀ ਫ਼ਸਲ ਨਾਲੋਂ 7-10 ਦਿਨ ਪਹਿਲਾਂ ਪੱਕ ਜਾਂਦੀ ਹੈ ਜਿਸ ਕਰਕੇ ਝੋਨੇ ਦੀ ਪਰਾਲੀ ਸਾਂਭਣ ਲਈ ਵੀ ਜ਼ਿਆਦਾ ਸਮਾਂ ਮਿਲ ਜਾਂਦਾ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਸਿੱਧੀ ਬਿਜਾਈ ਵਾਲੇ ਖੇਤ ਵਿਚ ਕੱਦੂ ਕੀਤੇ ਖੇਤ ਨਾਲੋਂ ਝੋਨਾ ਦੀ ਫਸਲ ਦਾ ਝਾੜ 1.0-1.2 ਕੁਇੰਟਲ ਪ੍ਰਤੀ ਏਕੜ ਜ਼ਿਆਦਾ ਨਿਕਲਦਾ ਹੈ। ਇਸ ਵਿਧੀ ਨਾਲ ਪਾਣੀ ਅਤੇ ਲੇਬਰ ਦੀ ਬੱਚਤ ਹੁੰਦੀ ਹੈ।
ਇਹ ਵੀ ਪੜ੍ਹੋ: 'ਪੰਜਾਬ ਨੂੰ ਰਾਹਤ ਵਜੋਂ ਭੇਜੀ ਭੋਜਨ ਸਮੱਗਰੀ 'ਚ ਘੁਟਾਲੇ ਦੀ ਹੋਵੇ ਸੀਬੀਆਈ ਜਾਂਚ'
ਕਿਸਾਨ ਦਾ ਕਹਿਣਾ ਹੈ ਕਿ ਇਸ ਨਾਲ ਬਹੁਤ ਸਾਰੀਆਂ ਚੀਜ਼ਾਂ ਦੇ ਖਰਚੇ ਘੱਟ ਜਾਂਦੇ ਹਨ। ਸਭ ਤੋਂ ਜ਼ਿਆਦਾ ਖ਼ਰਚ ਲੇਬਰ ਦਾ ਹੁੰਦਾ ਹੈ ਅਤੇ ਉਸ ਤੋਂ ਜ਼ਿਆਦਾ ਤੇਲ ਦਾ ਖਰਚਾ ਹੈ। ਇਸ ਵਾਰ ਅਸੀਂ ਇਸ ਡਰਿੱਲ ਨਾਲ ਸਿੱਧੀ ਬਿਜਾਈ ਕਰ ਰਿਹਾ ਹਾਂ ਜਿਸ ਵਿੱਚ ਪਾਣੀ ਦੀ ਬਹੁਤ ਘੱਟ ਲੋੜ ਪੈਂਦੀ ਅਤੇ ਹੋਰ ਵੀ ਬਹੁਤ ਸਾਰੇ ਖਰਚ ਘੱਟ ਹੁੰਦਾ ਹਨ।
ਇਸ ਮੌਕੇ ਉਨ੍ਹਾਂ ਨੇ ਕਿਸਾਨਾਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਸਾਰੇ ਕਿਸਾਨਾਂ ਨੂੰ ਇਸ ਡਰਿੱਲ ਨਾਲ ਸਿੱਧੀ ਬਿਜਾਈ ਕਰਨੀ ਚਾਹੀਦੀ ਹੈ। ਇਸ ਸਾਲ ਲੇਬਰ ਘੱਟ ਹੋਣ ਕਰਕੇ ਵੀ ਸਿੱਧੀ ਬਿਜਾਈ ਕਰਨ ਨੂੰ ਤਰਜੀਹ ਦਿੱਤੀ ਜਾ ਰਹੀ ਹੈ।