ਮਲੇਰਕੋਟਲਾ : ਸ਼ਹਿਰ ਦਾ ਇੱਕ ਨਾਮਵਰ ਗੀਤਕਾਰ ਜੋ ਆਪਣੇ ਸਮੇਂ ਦਾ ਇੱਕ ਪ੍ਰਸਿੱਧ ਗੀਤਕਾਰ ਹੁੰਦਾ ਸੀ, ਅੱਜ ਉਹ ਆਪਣੀ ਜਿੰਦਗੀ ਦਾ ਗੁਜ਼ਾਰਾ ਸ਼ਹਿਰ ਦੇ ਇੱਕ ਮਾਲ ਵਿੱਚ ਸਾਫ਼-ਸਫ਼ਾਈ ਕਰ ਕੇ ਕਰ ਰਿਹਾ ਹੈ।
ਜੀ ਹਾਂ ਅਸੀਂ ਅੱਜ ਗੱਲ ਕਰ ਰਹੇ ਹਾਂ ਬਹੁਤ ਪ੍ਰਸਿੱਧ ਗੀਤਕਾਰ ਧੰਨਾ ਨਿਗਾਹੀ ਦੀ। ਜਿਸ ਨੇ ਕਿ ਕਈ ਨਾਮਵਰ ਗਾਇਕਾਂ ਨੂੰ ਆਪਣੇ ਗੀਤ ਦਿੱਤੇ, ਉੱਥੇ ਹੀ ਗਾਇਕਾਂ ਵੱਲੋਂ ਗੀਤ ਗਾ ਕੇ ਕਾਫ਼ੀ ਨਾਮਣਾ ਵੀ ਖੱਟਿਆ।
ਜਿੰਨ੍ਹਾਂ ਵਿੱਚੋਂ ਕੁੱਝ ਗੀਤ ਇਸ ਤਰ੍ਹਾਂ ਹਨ :
- ਨਾਭੇ ਪੈਣ ਤਰੀਕਾਂ ਨੀ ਤੇਰੇ ਵੈਲੀ ਯਾਰ ਦੀਆਂ
- ਲੜੋ ਨਾ ਵੇ ਵੀਰੋ ਤੁਸੀਂ ਲੜੋ ਨਾ, ਐਵੇਂ ਹੱਥ ਵਿੱਚ ਫੜ ਕੇ ਗੰਡਾਸੇ ਖੜੋ ਨਾ
- ਜਿੰਨੀ ਨਿੱਭਗੀ ਹੁਣ ਤੱਕ ਤੇਰੀ-ਮੇਰੀ, ਅੱਗੇ ਗੱਲ ਨਾ ਵਧਾਈ, ਦੁਖੀ ਪਹਿਲਾਂ ਹੀ ਬਥੇਰੀ
ਨਿਗਾਹੀ ਨੇ ਗੱਲਬਾਤ ਕਰਦਿਆਂ ਦੱਸਿਆ ਇਹ ਗੀਤ ਪੰਜਾਬੀ ਇੰਡਸਟਰੀ ਦੇ ਬਹੁਤ ਹੀ ਪ੍ਰਸਿੱਧ ਗਾਇਕਾਂ ਗੁਰਪ੍ਰੀਤ ਬਿੱਲਾ, ਸੁਖਜਿੰਦਰ ਸੁੱਖੀ, ਇੰਦਰਜੀਤ ਨਿੱਕੂ ਨੇ ਗਾਏ ਸਨ, ਜੋ ਕਿ ਬਹੁਤ ਹੀ ਸੁਪਰ-ਹਿੱਟ ਵੀ ਹੋਏ ਹਨ।
ਨਹੀਂ ਮਿਲਿਆ ਮਿਹਤਾਨਾ
ਧੰਨਾ ਨਿਗਾਹੀ ਨੇ ਦੁੱਖ ਸਾਂਝਾ ਕਰਦਿਆਂ ਦੱਸਿਆ ਕਿ ਗੀਤਕਾਰਾਂ ਇਹ ਗੀਤ ਗਾ ਕੇ ਆਪ ਤਾਂ ਹਿੱਟ ਹੋ ਗਏ, ਪਰ ਉਸ ਨੂੰ ਇੰਨ੍ਹਾਂ ਗੀਤਾਂ ਦਾ ਮਿਹਤਾਨਾ ਵੀ ਨਹੀਂ ਦਿੱਤਾ ਗਿਆ। ਜਿਸ ਕਰ ਕੇ ਅੱਜ ਦੀ ਇਹ ਹਾਲਤ ਹੋਈ ਪਈ ਹੈ।
300 ਰੁਪਏ ਵਿੱਚ ਗੀਤਕਾਰਾਂ ਨਾਲ ਸਟੇਜ ਵੀ ਲਾਈ
ਧੰਨਾ ਨਿਗਾਹੀ ਨੇ ਦੱਸਿਆ ਕਿ ਇੱਕ ਸਮਾਂ ਸੀ, ਜਦੋਂ ਉਸ ਨੇ ਇੱਕ ਪ੍ਰਸਿੱਧ ਪੰਜਾਬੀ ਗਾਇਕ ਨਾਲ ਸਟੇਜਾਂ ਉੱਤੇ ਵੀ ਗਾਇਆ। ਇੱਥੋਂ ਤੱਕ ਕਿ ਉਨ੍ਹਾਂ ਦੀ ਗੱਡੀ ਵੀ ਸਾਫ਼ ਕਰਦਾ ਰਿਹਾ ਅਤੇ ਪੈਸੇ ਵੀ ਸਾਂਭਦਾ ਰਿਹਾ, ਪਰ ਮੈਨੂੰ ਉਸ ਬਦਲੇ ਸਿਰਫ਼ 300 ਰੁਪਏ ਦਿਹਾੜੀ ਹੀ ਮਿਲਦੀ ਸੀ।
ਨਿਗਾਹੀ ਨੇ ਦੱਸਿਆ ਕਿ ਅੱਜ ਸ਼ਾਇਦ ਉਹ ਝਾੜੂ-ਪੋਚਾ ਨਾ ਲਗਾਉਂਦਾ ਜੇ ਉਸ ਨੂੰ ਉਸ ਦੀ ਮਿਹਨਤ ਦੇ ਪੈਸੇ ਮਿਲੇ ਹੁੰਦੇ। ਉਸ ਨੇ ਕਿਹਾ ਕਿ ਉਹ ਸਿਰਫ਼ ਆਪਣੀ ਮਿਹਨਤ ਦੇ ਪੈਸੇ ਮੰਗਦਾ ਸੀ ਪਰ ਉਸ ਨੂੰ ਨਹੀਂ ਮਿਲੇ ਜਿਸ ਕਰਕੇ ਅੱਜ ਉਸ ਦੀ ਇਹ ਹਾਲਤ ਹੋਈ ਹੈ।