ਸੰਗਰੂਰ: ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਮੌਜੂਦਾ ਸਾਂਸਦ ਭਗਵੰਤ ਮਾਨ ਨੇ ਚੋਣ ਕਮਿਸ਼ਨ ਨੂੰ ਆਪਣੀ ਕੁੱਲ ਜਾਇਦਾਦ ਅਤੇ ਆਮਦਨੀ ਦੀ ਪੂਰੀ ਜਾਣਕਾਰੀ ਦਿੱਤੀ ਹੈ। ਪਰ ਜੋ ਜਾਣਕਾਰੀ ਐਫੀਡਵੀਟ ਦੇ ਰੂਪ 'ਚ ਭਗਵੰਤ ਮਾਨ ਨੇ ਦਾਖ਼ਲ ਕੀਤੀ ਹੈ ਉਸ 'ਤੇ ਸਵਾਲ ਖੜੇ ਹੋ ਗਏ ਹਨ।
ਦਰਅਸਲ ਸੰਗਰੂਰ ਦੇ ਪੇਸ਼ੇ ਤੋਂ ਵਕੀਲ ਅਤੇ ਸਮਾਜ ਸੇਵੀ ਕਮਲ ਆਨੰਦ ਨੇ ਇਸ ਬਾਰੇ ਸਾਰੇ ਤੱਥ ਸਾਹਮਣੇ ਰੱਖਦਿਆਂ ਚੋਣ ਅਧਿਕਾਰੀ ਸੰਗਰੂਰ ਅਤੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ ਜਿਸ ਵਿੱਚ ਕਿਹਾ ਗਿਆ ਹੈ 2017 ਵਿੱਚ ਜਦੋਂ ਭਗਵੰਤ ਮਾਨ ਵਿਧਾਨ ਸਭਾ ਚੋਣਾਂ ਵਿੱਚ ਜਲਾਲਾਬਾਦ ਤੋਂ ਚੋਣ ਮੈਦਾਨ 'ਚ ਉਤਰੇ ਸਨ ਤਾਂ ਉਨ੍ਹਾਂ ਆਪਣੀ ਕੁੱਲ ਆਮਦਨ 9 ਲੱਖ 34 ਹਜ਼ਾਰ 760 ਰੁਪਏ ਵਿਖਾਈ ਸੀ ਪਰ ਹੁਣ ਜੋ ਪੱਤਰ ਦਾਖਲ ਕੀਤਾ ਹੈ ਤਾਂ ਉਸ ਵਿੱਚ ਆਮਦਨ 16 ਲੱਖ 54 ਹਜ਼ਾਰ 755 ਰੁਪਏ ਵਿਖਾਈ ਹੈ ਜੋ ਇਕ ਵੱਡਾ ਫਰਕ ਹੈ।
ਇਸੇ ਫਰਕ ਨੂੰ ਲੈ ਕੇ ਸ਼ਿਕਾਇਤਕਰਤਾ ਕਮਲ ਆਨੰਦ ਨੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਇਸ ਨੂੰ ਦੇਖਦੇ ਹੋਏ ਭਗਵੰਤ ਮਾਨ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।