ਸੰਗਰੂਰ: ਸ਼ਹਿਰ ਦੇ ਸੁਨਾਮ ਰੋਡ 'ਤੇ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਇਹ ਹਾਦਸਾ ਇੱਕ ਟਰੱਕ ਤੇ ਕਾਰ ਦੇ ਵਿਚਕਾਰ ਹੋਇਆ। ਹਾਦਸਾ ਐਨਾ ਭਿਆਨਕ ਅਤੇ ਦਰਦਨਾਕ ਸੀ ਕਿ ਕਾਰ 'ਚ ਅੱਗ ਲੱਗਣ ਕਾਰਨ ਉਸ 'ਚ ਸਵਾਰ ਚਾਰ ਲੋਕ ਜਿਉਂਦੇ ਅੰਦਰ ਹੀ ਸੜ ਗਏ। ਕਾਰ 'ਚ ਸਵਾਰ ਸਾਰੇ ਲੋਕ ਕਿਸੇ ਪਾਰਟੀ ਤੋਂ ਦਿੜਬੇ ਵਾਲੇ ਪਾਸੇ ਤੋਂ ਆ ਰਹੇ ਸਨ। ਅੱਗ ਦੀਆਂ ਲਪੇਟਾਂ ਐਨੀਆਂ ਸਨ ਕਿ ਕਾਰ ਸਵਾਰ ਆਪਣੀ ਕਾਰ ਦੇ ਸ਼ੀਸ਼ੇ ਤੱਕ ਨਾ ਖੋਲ੍ਹ ਸਕੇ।
ਚਸ਼ਮਦੀਦ ਅਨੁਸਾਰ ਸੁਨਾਮ ਰੋਡ 'ਤੇ ਬਾਈਪਾਸ ਕੋਲ ਟਰੱਕ ਅਤੇ ਕਾਰ ਦੀ ਟੱਕਰ ਹੋ ਗਈ ਅਤੇ ਟਰੱਕ ਦੀ ਤੇਲ ਵਾਲੀ ਟੈਂਕੀ ਟਰੱਕ ਤੋਂ ਵੱਖ ਹੋ ਗਈ। ਇਸ ਦੌਰਾਨ ਤੇਲ ਟੈਂਕ ਨੇ ਅਚਾਨਕ ਅੱਗ ਫੜ੍ਹ ਲਈ ਅਤੇ ਇਹ ਕਾਰ ਤੱਕ ਪਹੁੰਚ ਗਈ। ਚਸ਼ਮਦੀਦ ਅਨੁਸਾਰ ਕਾਰ 'ਚ ਸਵਾਰ ਚਾਰ ਲੋਕਾਂ ਤੋਂ ਬਾਹਰ ਨਹੀਂ ਨਿਕਲਿਆਂ ਗਿਆ ਅਤੇ ਉਹ ਅੰਦਰ ਹੀ ਸੜ ਗਏ।
ਮੌਕੇ 'ਤੇ ਪਹੁੰਚੇ ਥਾਣਾ ਸਦਰ ਸੰਗਰੂਰ ਦੇ ਮੁਖੀ ਰਾਕੇਸ਼ ਕੁਮਾਰ ਨੇ ਦੱਸਿਆ ਕਿ ਇਹ ਹਾਦਸਾ ਰਾਤ 10:30 ਵਜੇ ਵਾਪਰਿਆ ਸੀ। ਉਨ੍ਹਾਂ ਦੇ ਅਨੁਸਾਰ ਇਹ ਕਾਰ ਸਵਾਰ ਲੋਕ ਦਿੜਬੇ ਤੋਂ ਕਿਸੇ ਪ੍ਰੋਗਰਾਮ 'ਚ ਸ਼ਾਮਲ ਹੋ ਕੇ ਆ ਰਹੇ ਸਨ ਅਤੇ ਮੋਗਾ ਇਲਾਕੇ ਦੇ ਦੱਸੇ ਜਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਟੱਕਰ ਅਤੇ ਕਾਰ ਦੀ ਟੱਕਰ ਤੋਂ ਬਾਅਦ ਇਹ ਹਾਦਸਾ ਵਾਪਰਿਆ ਹੈ। ਉਨ੍ਹਾਂ ਨੇ ਦੱਸਿਆ ਕਿ ਕਾਰ ਦਾ ਸੈਂਟਰਲ ਲੌਕ ਲਗਾ ਹੋਣ ਕਰਕੇ ਉਹ ਖੁੱਲ੍ਹ ਨਹੀਂ ਸਕੀ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕਾਂ ਦੀ ਲਾਸ਼ਾਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕਾਂ ਦੇ ਵਾਰਸਾ ਨੂੰ ਸੂਚਿਤ ਕੀਤਾ ਜਾ ਚੁੱਕਿਆ ਹੈ।
ਤੁਹਾਨੂੰ ਦੱਸ ਦਈਏ ਸ਼ਹਿਰ ਦੇ ਇਸ ਰਾਹ 'ਤੇ ਹਰ ਦਿਨ ਕੋਈ ਨਾ ਕੋਈ ਹਾਦਸਾ ਵਾਪਰਦਾ ਹੈ। ਬਠਿੰਡਾ-ਚੰਡੀਗੜ੍ਹ ਲਈ ਬਣੇ ਬਾਈਪਾਸ 'ਤੇ ਗੱਡੀਆਂ ਤੇਜ਼ੀ ਨਾਲ ਚੱਲਦੀਆਂ ਹਨ। ਇੱਥੇ ਨਾ ਹੀ ਰੌਸ਼ਨੀ ਦਾ ਕੋਈ ਪ੍ਰਬੰਧ ਹੈ ਅਤੇ ਨਾ ਹੀ ਸਪੀਡ ਬਰੇਕਰ ਦਾ ਕੋਈ ਪ੍ਰਬੰਧ ਹੈ, ਜਿਸ ਕਾਰਨ ਆਏ ਦਿਨ ਇੱਥੇ ਇਸ ਤਰ੍ਹਾਂ ਦੇ ਹਾਦਸੇ ਵਾਪਰਦੇ ਹਨ।