ਮਲੇਰਕੋਟਲਾ : ਇਥੋਂ ਦੇ ਸਰਕਾਰੀ ਹਸਪਤਾਲ ਦੇ ਸਾਹਮਣੇ ਖ਼ਾਲੀ ਪਲਾਟ ਵਿੱਚ ਹਸਪਤਾਲ ਦੇ ਕਚਰੇ ਦਾ ਢੇਰ ਹੈ ਜਿਸ ਵਿੱਚ ਕੂੜੇ ਦੇ ਨਾਲ-ਨਾਲ ਮਰੀਜ਼ਾਂ ਲਈ ਵਰਤਿਆ ਗਿਆ ਸਮਾਨ ਜਿਵੇਂ ਕਿ ਸਰਿੰਜਾਂ, ਦਸਤਾਨੇ, ਦਵਾਈਆਂ ਅਤੇ ਹੋਰ ਬਹੁਤ ਕੁਝ ਇਸ ਢੇਰ ਵਿੱਚ ਸੁੱਟਿਆ ਹੋਇਆ ਹੈ।
ਤੁਹਾਨੂੰ ਦੱਸ ਦਈਏ ਕਿ ਸਰਿੰਜਾਂ ਨੂੰ ਲੈ ਕੇ ਇੱਕ ਅਜਿਹਾ ਹੀ ਮਾਮਲਾ ਸੰਗਰੂਰ ਜ਼ਿਲ੍ਹੇ ਦਾ ਆਇਆ ਹੈ ਜਿਥੇ ਕੁੱਝ ਨੌਜਵਾਨਾਂ ਨੂੰ ਨਸ਼ੇ ਕਰਦੇ ਸਮੇਂ ਇੱਕ-ਦੂਸਰੇ ਵੱਲੋਂ ਵਰਤੀਆਂ ਸਰਿੰਜਾਂ ਨੂੰ ਵਰਤਣ 'ਤੇ ਏਡਜ਼ ਦਾ ਸ਼ਿਕਾਰ ਹੋਣਾ ਪਿਆ ਹੈ।
ਈਟੀਵੀ ਭਾਰਤ ਨਾਲ ਸਥਾਨਕ ਲੋਕਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਨ ਕਿ ਇਸ ਗੰਦਗੀ ਦੇ ਢੇਰ ਨੂੰ ਛੇਤੀ ਤੋਂ ਛੇਤੀ ਸਾਫ਼ ਕੀਤਾ ਜਾਵੇ ਕਿਉਂਕਿ ਜਿੱਥੇ ਇਹ ਇੱਕ ਪਾਸੇ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ ਉਥੇ ਹੀ ਕੁੱਝ ਨੌਜਵਾਨ ਇੱਥੇ ਸੁੱਟੀਆਂ ਗਈਆਂ ਸਰਿੰਜਾਂ ਨੂੰ ਚੁੱਕ ਕੇ ਲੈ ਜਾਂਦੇ ਹਨ ਇੰਨ੍ਹਾਂ ਦੀ ਵਰਤੋਂ ਉਹ ਡਰੱਗ ਲੈਣ ਵਿੱਚ ਕਰਦੇ ਹਨ। ਅਸੀਂ ਉਨ੍ਹਾਂ ਕਈ ਵਾਰ ਰੋਕ ਚੁੱਕੇ ਹਾਂ ਤਾਂ ਕਿ ਉਹ ਕਿਸੇ ਭੈੜੀ ਬਿਮਾਰੀ ਦਾ ਸ਼ਿਕਾਰ ਨਾ ਹੋ ਜਾਣ।
ਇਹ ਵੀ ਪੜ੍ਹੋ : '84 ਸਿੱਖ ਕਤਲੇਆਮ: ਸੱਜਣ ਕੁਮਾਰ ਦੀ ਸੁਣਵਾਈ ਟਲੀ
ਇਸ ਸਬੰਧੀ ਸਰਕਾਰੀ ਹਸਪਤਾਲ ਦੇ ਨਵੇਂ ਐੱਸਐੱਮਓ ਕਰਮਜੀਤ ਸਿੰਘ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਭਰੋਸਾ ਦਵਾਇਆ ਕਿ ਉਹ ਛੇਤੀ ਇਸ ਕੂੜੇ ਨੂੰ ਸਾਫ਼ ਕਰਵਾ ਦੇਣਗੇ ਅਤੇ ਅੱਗੇ ਤੋਂ ਇੱਥੇ ਕੂੜਾ ਸੁੱਟਣਾ ਬੰਦ ਕਰ ਦਿੱਤਾ ਜਾਵੇਗਾ।