ਮਲੇਰਕੋਟਲਾ: ਮਲੇਰਕੋਟਲਾ ਦੇ ਨਾਲ ਲਗਦੇ ਪਿੰਡ ਝਨੇਰ ਦਾ ਰਹਿਣ ਵਾਲਾ ਸੁਰਜੀਤ ਸਿੰਘ ਨਾਂਅ ਦਾ ਫ਼ੌਜੀ ਜੋ ਭਾਰਤ ਪਾਕਿਸਤਾਨ ਵਾਲ਼ੀ 1965 ਵਾਲੀ ਜੰਗ ਲੜਨ ਗਿਆ ਸੀ ਪਰ ਅੱਜ ਤੱਕ ਵਾਪਸ ਨਹੀਂ ਪਰਤਿਆ। ਭਾਵੇ ਸਰਕਾਰ ਅਤੇ ਫ਼ੌਜ ਵੱਲੋ ਸੁਰਜੀਤ ਸਿੰਘ ਨੂੰ ਸ਼ਹੀਦ ਦਾ ਦਰਜਾ ਦਿੱਤਾ ਗਿਆ ਸੀ ਪਰ ਇਸ ਪਰਿਵਾਰ ਨੂੰ ਆਸ ਸੀ ਕਿ ਸੁਰਜੀਤ ਸਿੰਘ ਜਿੰਦਾ ਹੈ।
ਪਰਿਵਾਰ ਦੀ ਆਸ ਨੂੰ ਬੁਰ ਉਦੋਂ ਪਿਆ ਜਦੋਂ ਇਕ ਅਖ਼ਬਾਰ ਵਿੱਚ ਖ਼ਬਰ ਆਈ ਜਿਸ ਵਿਚ ਲਿਖਿਆ ਸੀ ਕਿ ਭਾਰਤ ਦੇ 1965 ਵਾਲੇ ਫ਼ੌਜ ਪਾਕਿਸਤਾਨ ਦੀ ਅਟਕ ਜੇਲ ਵਿੱਚ ਬੰਦ ਹਨ।
ਸੁਰਜੀਤ ਸਿੰਘ ਫ਼ੌਜੀ ਦੀ ਭੈਣ ਨੇ ਨਮ ਅੱਖਾਂ ਨਾਲ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਉਨ੍ਹਾਂ ਦਾ ਭਰਾ ਜਿੰਦਾ ਹੈ ਅਤੇ ਉਹ ਕੇਂਦਰ ਸਰਕਾਰ ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਅਪੀਲ ਕਰਦੇ ਹਨ ਕਿ ਵਿੰਗ ਕਮਾਂਡਰ ਵਾਂਗ ਉਨ੍ਹਾਂ ਦੇ ਭਰਾ ਨੂੰ ਰਿਹਾ ਕਰਵਾਕੇ ਪਰਿਵਾਰ ਨਾਲ ਮਿਲਵਾਇਆ ਜਾਵੇ।
ਸੁਰਜੀਤ ਸਿੰਘ ਦੇ ਭਰਾ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਵਿਚੋਂ ਸੁਰਜੀਤ ਸਿੰਘ ਹੀ ਸੀ ਜੋ ਪੜ੍ਹਿਆ ਲਿੱਖਿਆ ਸੀ ਜਿਸ ਦੇ ਸਹਾਰੇ ਇਹ ਘਰ ਚਲਦਾ ਸੀ ਪਰ ਅੱਜ ਇਹ ਪਰਿਵਾਰ ਮੰਦੀ ਦੀ ਭੇਟ ਚੜਿਆ ਹੋਇਆ ਹੈ। ਪਰਿਵਾਰ ਨੇ ਕਿਹਾ ਕਿ ਜਿਵੇਂ ਕਰਤਾਰਪੁਰ ਲਾਂਘਾ ਖੋਲੇ ਜਾਣ ਨੂੰ ਲੈ ਕੇ ਮੀਟਿੰਗ ਹੋ ਰਹੀ ਹੈ, ਉਸੇ ਤਰ੍ਹਾਂ ਦੇਸ਼ ਦੇ ਜਵਾਨ ਜੋ ਦੇ। ਲਈ ਜੰਗ ਵਿਚ ਗਏ ਸਨ ਉਨ੍ਹਾਂ ਨੂੰ ਜੇਲ੍ਹਾਂ 'ਚੋ ਬਰੀ ਕਰਵਾਇਆ ਜਾਣਾ ਚਾਹੀਦਾ ਹੈ।
ਹੁਣ ਵੇਖਣਾ ਇਹ ਹੋਵੇਗਾ ਕਿ ਕਦੋਂ ਸੁਰਜੀਤ ਸਿੰਘ ਫ਼ੌਜੀ ਆਪਣੇ ਪਰਿਵਾਰ ਨਾਲ ਮਿਲ ਸਕੇਗਾ ਜਾਂ ਫ਼ਿਰ ਇਹ ਪਰਿਵਾਰ ਆਪਣਿਆਂ ਨੂੰ ਮਿਲਣ ਦੀ ਆਸ ਵਿੱਚ ਤੜਪਦਾ ਹੀ ਰਹਿ ਜਾਵੇਗਾ।