ਮਲੇਰਕੋਟਲਾ: ਸਰਹੱਦ ਨਾਲ ਲੱਗਦਾ ਪਿੰਡ ਕੁੱਪ ਰੋਹੀੜਾ ਜਿਸ ਨੂੰ ਵੱਡਾ ਘੱਲੂਘਾਰਾ ਵੀ ਕਿਹਾ ਜਾਂਦਾ ਹੈ। ਇਸ ਧਰਤੀ 'ਤੇ 35 ਹਜ਼ਾਰ ਸਿੰਘਾਂ-ਸਿੰਘਣੀਆਂ ਨੇ ਮੁਗਲਾਂ ਨਾਲ ਟਾਕਰਾ ਕਰਦਿਆਂ ਹੋਇਆਂ ਸ਼ਹਾਦਤ ਦਾ ਜਾਮ ਪੀ ਲਇਆ ਸੀ। ਉਨ੍ਹਾਂ ਸ਼ਹੀਦ ਸਿੰਘਾਂ ਤੇ ਸਿੰਘਣੀਆਂ ਦੀ ਯਾਦ ਵਿੱਚ ਇੱਥੇ ਹਰ ਸਾਲ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ।
ਇਤਿਹਾਸ ਮੁਤਾਬਿਕ ਸੰਨ 1762 ਜੰਡਿਆਲਾ ਤੋਂ ਵਾਪਸ ਜਾ ਰਹੀਆਂ ਸਿੱਖ ਫ਼ੌਜਾਂ ਸੰਗਰੂਰ ਜ਼ਿਲ੍ਹੇ ਦੇ ਪਿੰਡ ਕੁੱਪ ਰੋਹੀੜਾ ਵਿੱਚ ਰੁਕੀਆਂ ਹੋਈਆਂ ਸਨ। ਅਬਦਾਲੀਆਂ ਦੀ ਫ਼ੌਜ ਨੇ ਉਨ੍ਹਾਂ 'ਤੇ 5 ਫਰਵਰੀ ਨੂੰ ਹਮਲਾ ਕਰ ਦਿੱਤਾ ਸੀ। ਇਸ ਦੌਰਾਨ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਵਿੱਚ ਸਿੱਖਾਂ ਨਾਲ ਟਾਕਰਾ ਕੀਤਾ।
ਕੁਤਬਾ ਨੇੜਲੀ ਢਾਬ 'ਤੇ ਸਿੱਖ ਫ਼ੌਜਾਂ ਨੇ ਪਾਣੀ ਪੀਤਾ ਤੇ ਇਸ ਵਹੀਰ ਨੇ ਬਰਨਾਲੇ ਵੱਲ ਕੂਚ ਕੀਤਾ। ਉਸ ਸਮੇਂ ਉਨ੍ਹਾਂ ਨਾਲ ਬੱਚੇ, ਔਰਤਾਂ ਅਤੇ ਬਜ਼ੁਰਗਾਂ ਵੀ ਸਨ। ਇਸ ਜੰਗ ਵਿੱਚ ਬੱਚੇ, ਬੁੱਢੇ ਅਤੇ ਔਰਤਾਂ ਸਮੇਤ 35 ਹਜ਼ਾਰ ਸਿੱਖ ਮਾਰੇ ਗਏ ਸਨ।
ਇਸ ਤੋਂ ਬਾਅਦ ਹਰ ਸਾਲ ਇੱਥੇ ਇਨ੍ਹਾਂ ਸਿੰਘਾਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਇੱਥੇ ਸ਼ਹੀਦੀ ਸਮਾਗਮ ਕਰਵਾਇਆ ਜਾਂਦਾ ਹੈ। ਇੱਥੇ ਵੱਡੀ ਗਿਣਤੀ ਵਿੱਚ ਦੇਸ਼-ਵਿਦੇਸ਼ਾਂ ਤੋਂ ਸ਼ਰਧਾਲੂ ਪਹੁੰਚਦੇ ਹਨ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਨ।