ਚੰਡੀਗੜ੍ਹ: ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪਿੰਡ ਨੰਡਿਆਲੀ ਵਿੱਚ ਸਰਬੱਤ ਸਿਹਤ ਬੀਮਾ ਯੋਜਨਾ ਦੇ 84 ਲਾਭਪਾਤਰੀਆਂ ਨੂੰ ਇਸ ਸਕੀਮ ਦੇ ਕਾਰਡ ਵੰਡੇ। ਇਸ ਮੌਕੇ ਸਿਹਤ ਤੇ ਸਿੱਖਿਆ ਨੂੰ ਪੰਜਾਬ ਸਰਕਾਰ ਦੇ ਤਰਜੀਹੀ ਖੇਤਰ ਦੱਸਦਿਆਂ ਸਿੱਧੂ ਨੇ ਆਪਣੇ ਸੰਬੋਧਨ ਵਿੱਚ ਆਖਿਆ ਕਿ ਬਿਮਾਰੀ ਕਾਰਨ ਲੋਕਾਂ ਉੱਤੇ ਹੁਣ ਕੋਈ ਵਿੱਤੀ ਬੋਝ ਨਹੀਂ ਪਵੇਗਾ, ਸਗੋਂ ਸਰਕਾਰ ਨੇ ਲੋਕਾਂ ਦੀ ਸਿਹਤਯਾਬੀ ਤੇ ਉਨਾਂ ਦੇ ਇਲਾਜ ਦੀ ਜ਼ਿੰਮੇਵਾਰੀ ਆਪਣੇ ਸਿਰ ਲਈ ਹੈ।
ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਕੀਮ ਤਹਿਤ 5 ਲੱਖ ਤੱਕ ਦਾ ਇਲਾਜ ਮੁਫ਼ਤ ਕਰਵਾਇਆ ਜਾ ਸਕਦਾ ਹੈ। ਪੰਜਾਬ ਦੇ 611 ਹਸਪਤਾਲਾਂ, ਜਿਨਾਂ ਵਿੱਚ ਵੱਡੇ ਪ੍ਰਾਈਵੇਟ ਹਸਪਤਾਲ ਵੀ ਸ਼ਾਮਲ ਹਨ, ਉਨ੍ਹਾਂ ਨੂੰ ਇਸ ਸਕੀਮ ਤਹਿਤ ਸੂਚੀਬੱਧ ਕੀਤਾ ਗਿਆ ਹੈ। ਇਨਾਂ ਹਸਪਤਾਲਾਂ ਵਿੱਚ ਕਾਰਡ ਦਿਖਾ ਕੇ ਮੁਫ਼ਤ ਇਲਾਜ ਕਰਵਾਇਆ ਜਾ ਸਕਦਾ ਹੈ।
ਪਿੰਡ ਦਿਆਲਪੁਰਾ ਸੋਢੀਆਂ ਵਿੱਚ ਆਯੂਸ਼ ਹਸਪਤਾਲ ਖੋਲਣ ਦਾ ਜ਼ਿਕਰ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਇਹ ਹਸਪਤਾਲ ਖੁੱਲਣ ਨਾਲ ਇਲਾਕੇ ਦੇ ਲੋਕਾਂ ਨੂੰ ਨੈਚਰੋਪੈਥੀ ਰਾਹੀਂ ਇਲਾਜ ਕਰਵਾਉਣ ਦੀ ਸਹੂਲਤ ਮਿਲੇਗੀ। ਇਸ ਤੋਂ ਇਲਾਵਾ ਮੁਹਾਲੀ ਵਿੱਚ ਮੈਡੀਕਲ ਕਾਲਜ ਤੇ 300 ਬਿਸਤਰਿਆਂ ਦਾ ਹਸਪਤਾਲ ਬਣ ਰਿਹਾ ਹੈ। ਸਿਵਲ ਹਸਪਤਾਲ ਨੂੰ ਸਨੇਟਾ ਨੇੜੇ ਤਬਦੀਲ ਕੀਤਾ ਜਾਵੇਗਾ ਤਾਂ ਕਿ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਇਲਾਜ ਦੀ ਸਹੂਲਤ ਉਨਾਂ ਦੇ ਘਰਾਂ ਦੇ ਨੇੜੇ ਮਿਲ ਸਕੇ।
ਬਲਬੀਰ ਸਿੱਧੂ ਨੇ ਦੱਸਿਆ ਕਿ ਪੂਰੇ ਪੰਜਾਬ ਦੇ 46 ਲੱਖ ਪਰਿਵਾਰਾਂ ਨੂੰ ਇਸ ਸਕੀਮ ਦੇ ਅੰਦਰ ਲਿਆ ਗਿਆ ਹੈ ਜਿਸ ਵਿੱਚੋਂ 1.16 ਲੱਖ ਪਰਿਵਾਰ ਜ਼ਿਲਾ ਐਸਏਐਸ ਨਗਰ (ਮੋਹਾਲੀ) ਦੇ ਹਨ। ਜ਼ਿਲੇ ਵਿੱਚ 96905 ਕਾਰਡ ਬਣ ਚੁੱਕੇ ਹਨ ਅਤੇ 2492 ਲੋਕ 3 ਕਰੋੜ 62 ਲੱਖ ਰੁਪਏ ਦਾ ਇਲਾਜ ਕਰਵਾ ਚੁੱਕੇ ਹਨ। ਇਸ ਦੌਰਾਨ ਪਿੰਡ ਨੰਡਿਆਲੀ ਦੇ ਲੋਕਾਂ ਨੇ ਸਿਹਤ ਮੰਤਰੀ ਵੱਲੋਂ ਖੋਲੇ ਲੋਕ ਭਲਾਈ ਕੇਂਦਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸਾਰੀਆਂ ਸਰਕਾਰੀ ਸਹੂਲਤਾਂ ਇਕ ਛੱਤ ਹੇਠਾਂ ਮਿਲ ਰਹੀਆਂ ਹਨ ਜਿਸ ਕਾਰਨ ਉਨਾਂ ਨੂੰ ਥਾਂ-ਥਾਂ ਭਟਕਣਾ ਨਹੀਂ ਪੈ ਰਿਹਾ।